ਨਿਜੀ ਪੱਤਰ ਪ੍ਰੇਰਕ
ਸੰਗਰੂਰ, 24 ਸਤੰਬਰ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧੀਨ ਆਉਂਦੇ ਦਾਇਰੇ ਵਿੱਚ ਸਫਾਈ ਵਿਵਸਥਾ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਤਿੰਨ ਦਿਨਾਂ ਦੇ ਅੰਦਰ ਮੁੱਢਲਾ ਐਕਸ਼ਨ ਪਲਾਨ ਤਿਆਰ ਕਰਨ ਤਾਂ ਜੋ ਯੋਜਨਾਬੱਧ ਢੰਗ ਨਾਲ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਹਿੰਮ ਤਹਿਤ ਚੱਲ ਰਹੇ ਜਾਗਰੂਕਤਾ ਪ੍ਰੋਗਰਾਮਾਂ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਾਫ਼ ਸਫਾਈ ਨੂੰ ਯਕੀਨੀ ਬਣਾਉਣਾ ਸਭ ਦਾ ਨੈਤਿਕ ਫਰਜ਼ ਹੈ। ਜੇਕਰ ਕੋਈ ਵੀ ਵਿਅਕਤੀ ਜਾਣਬੁੱਝ ਕੇ ਆਪਣੇ ਅਜਿਹੇ ਨੈਤਿਕ ਫਰਜ਼ਾਂ ਤੋਂ ਮੂੰਹ ਮੋੜ ਕੇ ਘਰਾਂ ਦਾ ਕੂੜਾ ਕਰਕਟ ਜਨਤਕ ਸਥਾਨਾਂ, ਰਿਹਾਇਸ਼ੀ ਤੇ ਵਪਾਰਕ ਸੰਸਥਾਨਾਂ ਦੇ ਆਲੇ ਦੁਆਲੇ ਸੁੱਟ ਕੇ ਗੰਦਗੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਚਲਾਨ ਕੱਟ ਕੇ ਜੁਰਮਾਨਾ ਲਗਾਇਆ ਜਾਵੇਗਾ।