ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਸਤੰਬਰ
ਮੱਛੀ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਤੇ ਵਾਰਡਨ ਜਸਬੀਰ ਸਿੰਘ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਤੇ ਲੌਂਗੋਵਾਲ ਵਿੱਚ ਅਗਾਂਹਵਧੂ ਕਿਸਾਨਾਂ ਵੱਲੋਂ ਤਿਆਰ ਕਰਵਾਏ ਗਏ ਨਵੇਂ ਮੱਛੀ ਤਲਾਬਾਂ ਦਾ ਨਿਰੀਖਣ ਕਰਦਿਆਂ ਪੰਜਾਬ ਸਰਕਾਰ ਵੱਲੋਂ ਸਹਾਇਕ ਕਿੱਤਿਆਂ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਸੰਗਰੂਰ ਦੇ ਪਿੰਡ ਸੋਹੀਆਂ ਕਲਾਂ ਦੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਦੇ ਮੱਛੀ ਤਲਾਬ ਦਾ ਦੌਰਾ ਕਰਦਿਆਂ ਡਾਇਰੈਕਟਰ ਜਸਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਰੀਬ ਦੋ ਹਜ਼ਾਰ ਏਕੜ ਰਕਬੇ ਵਿੱਚ ਮੱਛੀਆਂ ਦੇ ਤਲਾਬ ਬਣੇ ਹੋਏ ਹਨ, ਜਿਸ ਨਾਲ ਕਿਸਾਨ ਚੰਗੀ ਆਮਦਨ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਮੱਛੀ ਤਲਾਬ ਦਾ ਨਿਰਮਾਣ ਕਰਨ, ਇਸ ਨਾਲ ਸਬੰਧਤ ਮਸ਼ੀਨਰੀ ਅਤੇ ਹੋਰ ਸਮੱਗਰੀ ਪੰਜਾਬ ਸਰਕਾਰ ਤੇ ਕੇਂਦਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਮੱਛੀ ਪਾਲਕਾਂ ਨੂੰ ਸਬਸਿਡੀ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ।
ਮੱਛੀ ਪਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਛੇ ਕੁ ਮਹੀਨੇ ਪਹਿਲਾਂ ਹੀ ਕਰੀਬ ਤਿੰਨ ਏਕੜ ਵਿੱਚ ਮੱਛੀ ਤਲਾਬ ਬਣਾਇਆ ਹੈ ਜਿਸ ਵਿੱਚ ਕਤਲਾ, ਰੋਹੂ, ਮੁਰਾਖ ਸਣੇ ਪੰਜ ਕਿਸਮਾਂ ਦੀਆਂ ਮੱਛੀਆਂ ਪਾਈਆਂ ਹੋਈਆਂ ਹਨ ਅਤੇ ਤਲਾਬ ਦੇ ਆਲੇ-ਦੁਆਲੇ ਸਬਜ਼ੀਆਂ ਦੀ ਪੈਦਾਵਾਰ ਕੀਤੀ ਹੋਈ ਹੈ ਜਿਸ ਨੂੰ ਲੋਕਲ ਮਾਰਕੀਟ ਵਿੱਚ ਵੇਚ ਕੇ ਉਹ ਆਪਣੀ ਆਮਦਨ ਵਧਾ ਰਿਹਾ ਹੈ। ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਸਕੀਮਾਂ ਬਾਰੇ ਦੱਸਿਆ।