ਨਿਜੀ ਪੱਤਰ ਪ੍ਰੇਰਕ
ਸੰਗਰੂਰ, 4 ਸਤੰਬਰ
ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ’ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਚੱਲ ਰਹੀ ਭੁੱਖ ਹੜਤਾਲ ਦੇ ਅੱਠਵੇਂ ਦਿਨ ਸਫ਼ਾਈ ਸੇਵਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ।
ਪੰਜਾਬ ਸਰਕਾਰ ਦੇ ਮੰਗਾਂ ਪ੍ਰਤੀ ਨਾਂਹ-ਪੱਖੀ ਰਵੱਈਏ ਤੋਂ ਖਫ਼ਾ ਸਫ਼ਾਈ ਸੇਵਕਾਂ ਨੇ ਭਲਕੇ 5 ਸਤੰਬਰ ਤੋਂ ਸਮੁੱਚੇ ਸਫ਼ਾਈ ਪ੍ਰਬੰਧ ਠੱਪ ਕਰਕੇ ਕੰਮ ਛੱਡੋ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਇਹ ਵੀ ਐਲਾਨ ਕੀਤਾ ਹੈ ਕਿ 8 ਸਤੰਬਰ ਤੋਂ ਯੂਨੀਅਨ ਦਾ ਇੱਕ ਜ਼ਿਲ੍ਹਾ ਆਗੂ ਮਰਨ ਵਰਤ ’ਤੇ ਬੈਠੇਗਾ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਅੱਜ ਭੁੱਖ ਹੜਤਾਲ ਦੇ ਅੱਠਵੇਂ ਦਿਨ ਸਫ਼ਾਈ ਸੇਵਕਾਂ ਵੱਲੋਂ ਭੁੱਖ ਹੜਤਾਲੀ ਕੈਂਪ ਤੋਂ ਲਾਲ ਬੱਤੀ ਚੌਕ ਤੋਂ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਸੇਵਕ ਪ੍ਰਿੰਸ ਸੰਗਰੂਰ, ਸੁਮੇਲ ਕੁਮਾਰ ਲੌਂਗੋਵਾਲ, ਰਾਜਾ ਰਾਮ ਚੀਮਾਂ, ਰਾਜੇਸ ਧੂਰੀ, ਮੱਖਣ ਸਿੰਘ ਲਹਿਰਾਗਾਗਾ ਅਤੇ ਸਤਿਗੁਰ ਸਿੰਘ ਦਿੜਬਾ ਭੁੱਖ ਹੜਤਾਲ ’ਤੇ ਬੈਠੇ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਸਫ਼ਾਈ ਸੇਵਕ ਬੀਤੀ 28 ਅਗਸਤ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠੇ ਹਨ ਪਰੰਤੂ ਪੰਜਾਬ ਸਰਾਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਫ਼ਾਈ ਸੇਵਕਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਜਿਸ ਕਾਰਨ ਹੀ ਖਫ਼ਾ ਹੋ ਕੇ ਸਫ਼ਾਈ ਸੇਵਕਾਂ ਵਲੋਂ ਭਲਕੇ 5 ਸਤੰਬਰ ਤੋਂ ਕੰਮ ਛੱਡ ਕੇ ਮੁਕੰਮਲ ਹੜਤਾਲ ’ਤੇ ਜਾਣ ਦਾ ਫੈਸਲਾ ਲਿਆ ਹੈ ਅਤੇ ਅੱਠ ਸਤੰਬਰ ਤੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ।