ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਸਫ਼ਾਈ ਸੇਵਕ ਯੂਨੀਅਨ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਵੱਲੋਂ ਜ਼ਿਲ੍ਹਾ ਭਰ ਵਿੱਚ ਸਫ਼ਾਈ ਪ੍ਰਬੰਧਾਂ ਦਾ ਸਮੁੱਚਾ ਕੰਮਕਾਜ ਮੁਕੰਮਲ ਤੌਰ ’ਤੇ ਠੱਪ ਕਰਕੇ ਅਣਮਿਥੇ ਸਮੇਂ ਲਈ ‘ਕੰਮ ਛੱਡੋ ’’ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਭੁੱਖ ਹੜਤਾਲ ਦੇ 9ਵੇਂ ਦਨਿ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕੰਮ ਛੱਡੋ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਸਫ਼ਾਈ ਸੇਵਕਾਂ ਵੱਲੋਂ ਧਰਨੇ ਦੌਰਾਨ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਮੰਗਾਂ ਮੰਨੇ ਜਾਣ ਤੱਕ ਹੜਤਾਲ ਜਾਰੀ ਰਹੇਗੀ।
ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਜ਼ਿਲ੍ਹੇ ਭਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਸਫ਼ਾਈ ਸੇਵਕ ਪਿਛਲੇ 9 ਦਿਨਾਂ ਤੋਂ ਡੀ.ਸੀ. ਦਫ਼ਤਰ ਅੱਗੇ ਭੁੱਖ ਹੜਤਾਲ ’ਤੇ ਬੈਠੇ ਸਨ ਪਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਜਿਸ ਤੋਂ ਖਫ਼ਾ ਹੋ ਕੇ ਯੂਨੀਅਨ ਵਲੋਂ 5 ਸਤੰਬਰ ਤੋਂ ਕੰਮ ਛੱਡੋ ਹੜਤਾਲ ’ਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਸੀ ਪਰੰਤੂ ਫ਼ਿਰ ਵੀ ਕੋਈ ਅਸਰ ਨਾ ਹੋਇਆ। ਅੱਜ ਜ਼ਿਲ੍ਹਾ ਭਰ ਦੀਆਂ ਲੋਕਲ ਸਫ਼ਾਈ ਸੇਵਕ ਯੂਨੀਅਨਾਂ ਵਲੋਂ ਇੱਕਜੁੱਟ ਹੋ ਕੇ ਸਾਂਝੇ ਤੌਰ ’ਤੇ ਕੰਮ ਛੱਡੋ ਹੜਤਾਲ ਅਤੇ ਪੱਕਾ ਰੋਸ ਧਰਨਾ ਸ਼ੁਰੂ ਕਰਨ ਦਾ ਫੈਸਲਾ ਲਿਆ।
ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹਾ ਭਰ ਵਿਚ ਸਫ਼ਾਈ ਦੇ ਸਮੁੱਚੇ ਪ੍ਰਬੰਧ ਮੁਕੰਮਲ ਤੌਰ ’ਤੇ ਠੱਪ ਹੋ ਗਏ ਹਨ ਅਤੇ ਸਫ਼ਾਈ ਸੇਵਕ ਕੰਮ ਛੱਡੋ ਹੜਤਾਲ ’ਤੇ ਚਲੇ ਗਏ ਹਨ। ਸੰਘਰਸ਼ ਨੂੰ ਤਿੱਖਾ ਕਰਨ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਨੇ ਹੀ ਸਫ਼ਾਈ ਸੇਵਕਾਂ ਨੂੰ ਮਜਬੂਰ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਕੰਮ ਛੱਡੋ ਹੜਤਾਲ ਜਾਰੀ ਰਹੇਗੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਅਹੁਦੇਦਾ ਰਾਜੇਸ ਝੰਝੋਜਟ, ਊਸ਼ਾ ਦੇਵੀ, ਰਮੇਸ਼ ਝੰਝੋਜਟ, ਰਮੇਸ ਬਾਗੜੀ, ਰਮੇਸ ਬਾਂਦੜ, ਓਮੀ ਦੇਵੀ, ਸੁਰੇਸ ਬੇਦੀ, ਤਰਸੇਮ ਬਿਡਲਾਨ ਤੇ ਸੁਰੇਸ਼ ਬਾਂਦੜ ਆਦਿ ਅਹੁਦੇਦਾਰ ਸ਼ਾਮਲ ਸਨ।