ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਸਤੰਬਰ
ਡੀਸੀ ਜਤਿੰਦਰ ਜੋਰਵਾਲ ਅਤੇ ਐੱਸਐੱਸਪੀ ਸੁਰੇਂਦਰ ਲਾਂਬਾ ਦੀ ਅਗਵਾਈ ਵਿੱਚ ਅਗਵਾਈ ਵਿੱਚ ਸੰਗਰੂਰ ਪ੍ਰਸ਼ਾਸਨ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ 276 ਅਪਰ ਪ੍ਰਾਇਮਰੀ ਸਕੂਲਾਂ ਦੇ 55 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਤੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂਹੰਦ ਸਾੜੇ ਜਾਣ ਵਿਰੁੱਧ ਡੱਟ ਕੇ ਖੜ੍ਹਨ ਦੀ ਸਹੁੰ ਚੁਕਵਾਈ ਗਈ।
ਇੱਥੇ ਸਰਕਾਰੀ ਮੈਰੀਟੋਰੀਅਸ ਸਕੂਲ ਘਾਬਦਾਂ ਵਿੱਚ ਵਿੱਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਰੱਖੇ ਗਏ ਸਮਾਗਮ ਦੌਰਾਨ ਡੀਸੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਨਾਲ ਜੋੜਨ ਦਾ ਮੁੱਖ ਮਕਸਦ ਹਰ ਘਰ ਤੱਕ ਇਸ ਸੁਨੇਹੇ ਨੂੰ ਪਹੁੰਚਾਉਣਾ ਹੈ ਕਿ ਨਸ਼ਿਆਂ ਦੀ ਵਰਤੋਂ ਤੇ ਪਰਾਲੀ ਸਾੜੇ ਜਾਣ ਨੂੰ ਰੋਕਣ ਲਈ ਸਮਾਜ ਦੇ ਹਰ ਵਰਗ ਨੂੰ ਡੱਟ ਕੇ ਪ੍ਰਸ਼ਾਸਨ ਦਾ ਸਾਥ ਦੇਣ ਦੀ ਲੋੜ ਹੈ। ਅੱਜ ਸਹੁੰ ਚੁਕਵਾਉਣ ਦੇ ਨਾਲ-ਨਾਲ ਸਕੂਲਾਂ ਵਿੱਚ ਨਸ਼ਾਖੋਰੀ ਤੇ ਪਰਾਲੀ ਸਾੜਨ ਦੇ ਮੁੱਦਿਆਂ ਉੱਪਰ ਪੇਂਟਿੰਗ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਜੇਤੂਆਂ ਦੀਆਂ ਕਲਾਕਾਰੀਆਂ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਮਹੱਤਵਪੂਰਨ ਥਾਂਵਾਂ ’ਤੇ ਵੀ ਪ੍ਰਦਰਸ਼ਨੀ ਲਈ ਲਗਾਇਆ ਜਾਵੇਗਾ।
ਇਸ ਮੌਕੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵੱਲੋਂ ਨਸ਼ਿਆਂ ਵਿਰੁੱਧ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਹੋਵੇ ਜਾਂ ਨਸ਼ੇ ਛੱਡਣ ਲਈ ਕੋਈ ਮਦਦ ਚਾਹੀਦੀ ਹੋਵੇ ਤਾਂ ਉਹ ਸੰਗਰੂਰ ਪੁਲੀਸ ਦੇ ਹੈਲਪਲਾਈਨ ਨੰਬਰ 80 54 112 112 ’ਤੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਡੀਈਓ ਪ੍ਰੀਤਇੰਦਰ ਘਈ, ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਡਾ. ਐੱਮਐੱਮ ਸ਼ਰਮਾ ਹਾਜ਼ਰ ਸਨ।
ਨਸ਼ਿਆਂ ਵਿਰੁੱਧ ਬਣਾਈ ਕਮੇਟੀ ਦੀ ਮੀਟਿੰਗ
ਲਹਿਰਾਗਾਗਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਘੋੜੇਨਬ ਵਿੱਚ ਨਸ਼ਿਆਂ ਖ਼ਿਲਾਫ਼ ਬਣਾਈ ਕਮੇਟੀ ਦੀ ਮੀਟਿੰਗ ਸਰਪ੍ਰਸਤ ਸਾਬਕਾ ਸਰਪੰਚ ਨੈਬ ਸਿੰਘ ਪੂਨੀਆ ਤੇ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਪਿੰਡ ਵਿੱਚ ਜੋ ਵੀ ਡਾਕਟਰ ਹਨ ਉਨ੍ਹਾਂ ਨੂੰ ਅਗਲੀ ਮੀਟਿੰਗ ਵਿੱਚ ਬੁਲਾ ਕੇ ਸਖ਼ਤ ਹਦਾਇਤ ਕੀਤੀ ਜਾਵੇਗੀ ਕਿ ਪਿੰਡ ਦੇ ਕਿਸੇ ਵੀ ਡਾਕਟਰ ਕੋਲ ਕਿਸੇ ਵੀ ਪ੍ਕਾਰ ਦਾ ਨਸ਼ਾ ਨਹੀਂ ਹੋਣਾ ਚਾਹੀਦਾ ਜਾਂ ਨਸ਼ੇ ਨਾਲ ਸਬੰਧਿਤ ਕੋਈ ਵੀ ਪਦਾਰਥ ਨਹੀਂ ਹੋਣਾ ਚਾਹੀਦਾ, ਇਸ ਗੱਲ ਤਹਿਤ ਜੇ ਕਿਸੇ ਕੋਲ ਵੀ ਕੋਈ ਨਸ਼ੀਲਾ ਪਦਾਰਥ ਪਾਇਆ ਗਿਆ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ