ਜੇ ਹਾਲਤ ਸੰਭਾਲ ਨਹੀਂ ਹੁੰਦੀ ਤਾਂ ਸਰਕਾਰ ਹੱਥ ਖੜ੍ਹੇ ਕਰ ਦੇਵੇ: ਬਿੱਟੂ
ਭਾਜਪਾ ਦਫ਼ਤਰ ’ਤੇ ਹਮਲੇ ਸਬੰਧੀ ਅੈੱਮ ਪੀ ਨੇ ਸਰਕਾਰ ’ਤੇ ਨਿਸ਼ਾਨਾ ਸੇਧਿਆ
ਇੱਥੇ ਭਾਜਪਾ ਦਫ਼ਤਰ ਉਪਰ ਹੋਏ ਪੈਟਰੋਲ ਬੰਬ ਹਮਲੇ ਤੋਂ ਬਾਅਦ ਪੁੱਜੇ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਭਾਜਪਾ ਦਫ਼ਤਰਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਨਹੀਂ ਮੰਨੀ ਗਈ ਜਿਸ ਕਾਰਨ ਹੀ ਸ਼ਰਾਰਤੀ ਅਨਸਰ ਅਜਿਹੇ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂਆਂ ਨੂੰ ਡਰਾਉਣ ਲਈ ਸ਼ਰਾਰਤੀ ਅਨਸਰਾਂ ਵੱਲੋਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੰਗਰੂਰ ਦਫ਼ਤਰ ਵਿੱਚ ਵੀ ਸਾਜਿਸ਼ ਤਹਿਤ ਰੇਕੀ ਕਰ ਕੇ ਪੈਟਰੋਲ ਬੰਬ ਉਸ ਖਿੜਕੀ ਵੱਲ ਸੁੱਟਿਆ ਗਿਆ ਜਿੱਥੇ ਚਾਹ ਆਦਿ ਬਣਦੀ ਹੈ ਅਤੇ ਸਿਲੰਡਰ ਵੀ ਮੌਜੂਦ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਡੀ ਜੀ ਪੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦਫ਼ਤਰਾਂ ਅਤੇ ਲੀਡਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਨਾਜ਼ੁਕ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੱਥ ਖੜ੍ਹੇ ਕਰ ਦੇਵੇ, ਭਾਜਪਾ ਖ਼ੁਦ ਆਪਣੀ ਸੁਰੱਖਿਆ ਦੀ ਜ਼ਿੰਮੇਵਾਰੀ ਲੈ ਲਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਮਨ-ਕਾਨੂੰਨ ਦੀ ਸਥਿਤੀ ਨਾ ਸੰਭਾਲੀ ਤਾਂ ਭਾਜਪਾ ਵੱਡਾ ਸਖ਼ਤ ਫ਼ੈਸਲਾ ਲਵੇਗੀ। ਭਾਜਪਾ ਆਗੂ ਨੇ ਬਰਨਾਲਾ ਵਿੱਚ ਸਫ਼ਾਈ ਸੇਵਕਾਂ ਉਪਰ ਹੋਏ ਪੁਲੀਸ ਲਾਠੀਚਾਰਜ ’ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਿਹੜੇ ਬੰਬ ਚਲਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਪੁਲੀਸ ਦੀ ਡਾਂਗ ਨਹੀਂ ਚੱਲਦੀ ਪਰ ਨਿਹੱਥੇ ਸਫ਼ਾਈ ਸੇਵਕਾਂ ਤੇ ਡਾਂਗ ਚੱਲਦੀ ਹੈ।

