ਜੇ ਬਾਗ਼ੀ ਸ਼ਾਮਲ ਕੀਤੇ ਤਾਂ ਅਸਤੀਫ਼ਾ ਦੇਵਾਂਗਾ: ਲੌਟ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਹੱਕ ’ਚ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਏਕਤਾ ਚਾਹੁੰਦੇ ਹਨ ਪਰ ਜਿਹੜੇ ਆਗੂ ਪਾਰਟੀ...
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਲਖਵੀਰ ਸਿੰਘ ਲੌਟ ਨੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਦੇ ਹੱਕ ’ਚ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵਿੱਚ ਏਕਤਾ ਚਾਹੁੰਦੇ ਹਨ ਪਰ ਜਿਹੜੇ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਦੇ ਹਨ, ਉਨ੍ਹਾਂ ਨੂੰ ਦਲ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਤਾਂ ਉਹ ਸਾਥੀਆਂ ਸਣੇ ਅਸਤੀਫ਼ਾ ਦੇ ਦੇਣਗੇ।
ਸਾਢੇ ਚਾਰ ਦਹਾਕਿਆਂ ਤੋਂ ਸਰਗਰਮ ਲਖਵੀਰ ਲੌਟ ਸਰਪੰਚ, ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਣੇ ਹੋਰ ਵੱਕਾਰੀ ਅਹੁਦਿਆਂ ’ਤੇ ਰਹੇ ਹਨ। ਉਹ ਹੁਣ ਵੀ ਦਲ ਦੇ ਕੌਮੀ ਮੀਤ ਪ੍ਰਧਾਨ ਦੇ ਅਹੁਦੇ ’ਤੇ ਹਨ। ਅੱਜ ਇੱਥੇ ਸਮਾਗਮਾਂ ਨੂੰ ਸੰਬੋਧਨ ਦੌਰਾਨ ਭਾਦਸੋਂ ਖੇਤਰ ਦੇ ਕੁਝ ਆਗੂਆਂ ਵੱਲ ਇਸ਼ਾਰਾ ਕਰਦਿਆਂ ਸ੍ਰੀ ਲੌਟ ਨੇ ਕਿਹਾ ਕਿ ਜੇ ਉਨ੍ਹਾਂ ਨੇ ਸੁਖਬੀਰ ਬਾਦਲ ਖ਼ਿਲਾਫ਼ ਭੰਡੀ ਪ੍ਰਚਾਰ ਬੰਦ ਨਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਸੁਖਬੀਰ ਬਾਦਲ ਨੂੰ ਅਗਾਂਹ ਕਰਦਿਆਂ ਲਖਵੀਰ ਲੌਟ ਨੇ ਕਿਹਾ ਕਿ ਜੇ ਅਜਿਹੇ ਆਗੂਆਂ ਦੀ ਘਰ ਵਾਪਸੀ ਹੋਈ ਤਾਂ ਉਹ ਅਕਾਲੀ ਦਲ ’ਚ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਹੁਣ ਇਹ ਦੇਖਣਾ ਹੋਵੇਗਾ ਕਿ ਪਾਰਟੀ ਨੂੰ ਵਫ਼ਾਦਾਰਾਂ ਦੀ ਲੋੜ ਹੈ ਜਾਂ ਚਾਪਲੂਸਾਂ ਦੀ। ਸ੍ਰੀ ਲੌਟ ਦੇ ਅਜਿਹੇ ਐਲਾਨ ਦਾ ਵਰਕਰਾਂ ਨੇ ਜੈਕਾਰੇ ਲਾ ਕੇ ਸਵਾਗਤ ਕੀਤਾ।

