ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਜੂਨ
ਅਕਾਲ ਡਿਗਰੀ ਕਾਲਜ ਫਾਰ ਵਿਮੈਨ ਵਿੱਚ ਸੇਵਾਵਾਂ ਤੋਂ ਫਾਰਗ ਕਰਨ ਦੇ ਖ਼ਿਲਾਫ਼ ਸਹਾਇਕ ਪ੍ਰੋਫੈਸਰਾਂ ਦੀ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅਤੇ ਰੋਸ ਧਰਨੇ ਦੇ ਪੰਜਵੇਂ ਦਿਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ‘ਤੇ ਪੁੱਜੇ। ਵਿਧਾਇਕ ਭਰਾਜ ਵੱਲੋਂ 6 ਜੂਨ ਨੂੰ ਪੰਜਾਬ ਸਰਕਾਰ ਨਾਲ ਸਹਾਇਕ ਪ੍ਰੋਫੈਸਰਾਂ ਦੀ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ। ਭਰਾਜ ਦੇ ਭਰੋਸੇ ਮਗਰੋਂ ਅੱਜ ਸਹਾਇਕ ਪ੍ਰੋਫੈਸਰਾਂ ਵਲੋਂ ਲੜੀਵਾਰ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰ ਰੋਸ ਧਰਨਾ ਲਗਾਤਾਰ ਜਾਰੀ ਰਹੇਗਾ।
ਅੱਜ ਭੁੱਖ ਹੜਤਾਲ ਅਤੇ ਰੋਸ ਧਰਨੇ ਵਿਚ ਪਬਲਿਕ ਕਾਲਜ ਸਮਾਣਾ ਦੇ ਪ੍ਰੋਫੈਸਰਾਂ ਵਲੋਂ ਸ਼ਮੂਲੀਅਤ ਕਰਦਿਆਂ ਸੰਘਰਸ਼ ਦੀ ਹਮਾਇਤ ਕੀਤੀ। ਧਰਨੇ ‘ਚ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ, ਭਾਕਿਯੂ ਏਕਤਾ ਆਜ਼ਾਦ ਦੇ ਰਾਜਪਾਲ ਸਿੰਘ ਮੰਗਵਾਲ, ਸਾਇਟੇਫਿੰਕ ਅਵੇਅਰਨੈਸ ਐਂਡ ਸ਼ੋਸ਼ਲ ਵੈਲਫ਼ੇਅਰ ਫੋਰਮ ਦੇ ਪ੍ਰਧਾਨ ਡਾ. ਏਐੱਸ ਮਾਨ, ਸੂਬਾਈ ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ, ਅਕਾਲੀ ਆਗੂ ਜੋਗਾ ਸਿੰਘ ਫੱਗੂਵਾਲਾ ਨੇ ਸ਼ਾਮਲ ਹੋ ਕੇ ਸਹਾਇਕ ਪ੍ਰੋਫੈਸਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਸਹਾਇਕ ਪ੍ਰੋਫੈਸਰਾਂ ਡਾ. ਕਰਮਜੀਤ ਕੌਰ, ਡਾ. ਸੋਨੀਆ ਅਤੇ ਆਂਚਲ ਨੇ ਕਿਹਾ ਕਿ ਅੱਜ ਰੋਸ ਧਰਨੇ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਉਨ੍ਹਾਂ ਦਾ ਪੱਖ ਸੁਣਿਆ ਅਤੇ 6 ਜੂਨ ਨੂੰ ਸਰਕਾਰ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਸਹਾਇਕ ਪ੍ਰੋਫੈਸਰ ਪਿਛਲੇ ਅੱਠ ਸਾਲਾਂ ਤੋਂ ਆਰਟਸ ਗਰੁੱਪ ‘ਚ ਸੇਵਾਵਾਂ ਨਿਭਾ ਰਹੇ ਸਨ ਪਰ ਅਚਾਨਕ ਹੀ ਕਾਲਜ ਮੈਨੇਜਮੈਂਟ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਭਰੋਸੇ ‘ਤੇ ਅੱਜ ਲੜੀਵਾਰ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ਪਰ ਮਸਲੇ ਦੇ ਨਿਪਟਾਰੇ ਤੱਕ ਰੋਸ ਧਰਨਾ ਲਗਾਤਾਰ ਜਾਰੀ ਰਹੇਗਾ।