ਪਾਵਰਕੌਮ ਦੀਆਂ ਜਾਇਦਾਦਾਂ ਵੇਚਣ ਖ਼ਿਲਾਫ਼ ਭੁੱਖ ਹੜਤਾਲ ਜਾਰੀ
ਹੱਡ ਚੀਰਵੀਂ ਠੰਢ ਦੇ ਬਾਵਜੂਦ ਪਾਵਰਕੌਮ ਦਫ਼ਤਰ ਅੱਗੇ ਡਟੇ ਹੋਏ ਨੇ ਮੁਲਾਜ਼ਮ
ਬਿਜਲੀ ਅਦਾਰੇ ਦੀਆਂ ਜਾਇਦਾਦਾਂ ਵੇਚਣ ਦੀ ਕਾਰਵਾਈ ਤੋਂ ਖਫ਼ਾ ਬਿਜਲੀ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪਾਵਰਕੌਮ ਦੇ ਇਥੇ ਸਥਿਤ ਮੁੱਖ ਦਫ਼ਤਰ ਅੱਗੇ ਤੀਜੇ ਦਿਨ ਭੁੱਖ ਹੜਤਾਲ ਜਾਰੀ ਰੱਖੀ। ਅੱਜ 14 ਆਗੂ ਅਗਲੇ 24 ਘੰਟਿਆਂ ਲਈ ਭੁੱਖ ਹੜਤਾਲ ’ਤੇ ਬੈਠੇ। ਇਸ ਦੌਰਾਨ ਪੰਜਾਬ ਸਰਕਾਰ ਅਤੇ ਬਿਜਲੀ ਮੰਤਰੀ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਤੀਜੇ ਦਿਨ ਭੁੱਖ ਹੜਤਾਲ ’ਤੇ ਬੈਠਣ ਵਾਲਿਆਂ ਵਿੱਚ ਲਖਵੰਤ ਦਿਉਲ ,ਦਵਿੰਦਰ ਰੋਪੜ, ਦਲੀਪ ਕੁਮਾਰ, ਗੁਰਮੇਲ ਨਾਹਰ, ਹਰਪ੍ਰੀਤ ਗਰੇਵਾਲ,ਅਵਤਾਰ ਸਿੰਘ, ਸੁਖਰਾਜ ਸਿੰਘ, ਜਗਜੀਤ ਮੱਤੀ, ਲਖਵੀਰ ਸਿੰਘ, ਦੀਪਕ, ਸ਼ਤਰੂਘਨ, ਰਾਜਪਾਲ ਸਿੰਘ, ਰਾਜਿੰਦਰ ਸਿੰਘ, ਹਰਵਿੰਦਰ ਸੇਖੋਂ ਸ਼ਾਮਲ ਹਨ। ਇਸ ਸੰਘਰਸ਼ ਦੀ ਅਗਵਾਈ ਕਰ ਰਹੇ ‘ਸਾਂਝੇ ਥੜ੍ਹੇ’ ਵਿੱਚ ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕੌਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ(ਪਹਿਲਵਾਨ) ’ਤੇ ਆਧਾਰਿਤ ਜਥੇਬੰਦੀਆਂ ਸ਼ਾਮਲ ਹਨ।
ਇਸ ਧਰਨੇ ਨੂੰ ਅੱਜ ਹਰਪਾਲ ਧਾਲੀਵਾਲ, ਮਨਜੀਤ ਚਾਹਲ, ਬਲਦੇਵ ਮੰਢਾਲੀ, ਕੁਲਵਿੰਦਰ ਢਿੱਲੋਂ, ਰਣਜੀਤ ਢਿੱਲੋਂ, ਜਰਨੈਲ ਸਿੰਘ, ਬੀ ਐੱਸ ਸੇਖੋਂ, ਕਰਮਜੀਤ ਪਟਿਆਲਾ, ਜਗਤਾਰ ਸਿੰਘ, ਰਾਜਵੀਰ ਸਿੰਘ, ਨਿਰਮਲ ਕੁਮਾਰ, ਕਮਲਜੀਤ ਮੋਹਾਰਖੀਵਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚ ਕੇ ਜਨਤਕ ਸੈਕਟਰ ਦੇ ਇਸ ਮਹੱਤਵਪੂਰਨ ਅਦਾਰੇ ਦਾ ਦੀਵਾਲਾ ਕੱਢਣਾ ਚਾਹੁੰਦੀ ਹੈ ਪਰ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਬੁਲਾਰਿਆਂ ਨੇ ਬਿਜਲੀ ਸੋਧ ਬਿੱਲ, ਲੋਕ ਵਿਰੋਧੀ ਖਰੜੇ ਅਤੇ ਚਾਰ ਲੇਬਰ ਕੋਡਾਂ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਦੀ ਮੰਗ ਕੀਤੀ। ਉਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੀਤੇ ਸਮਝੌਤੇ ਲਾਗੂ ਕਰਨ ’ਤੇ ਵੀ ਜ਼ੋਰ ਦਿਤਾ। ਨਾਲ ਹੀ 16 ਪ੍ਰਤੀਸ਼ਤ ਮਹਿੰਗਾਈ ਭੱਤਾ ਜਾਰੀ ਕਰਨ, ਕੱਚੇ ਕਾਮੇ ਪੱਕੇ ਕਰਨ, ਖਾਲੀ ਪਈਆਂ ਪੰਜਾਹ ਹਜ਼ਾਰ ਅਸਾਮੀਆਂ ਰੈਗੂਲਰ ਭਰਤੀ ਰਾਹੀਂ ਭਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੀ ਸ਼ਿਰਕਤ ਕੀਤੀ ਤੇ ਸਰਕਾਰ ਦੇ ਮਨਸੂਬਿਆਂ ਦੀ ਨਿਖੇਧੀ ਕਰਦਿਆਂ ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨੇ ਵੀ ਸਰਕਾਰ ਦੇ ਅਜਿਹੇ ਵਤੀਰੇ ਦੀ ਨਿੰਦਾ ਕੀਤੀ। ਇਸ ਮੌਕੇ ਹੀ ਮਨੁੱਖੀ ਅਧਿਕਾਰ ਮੰਚ ਵੱਲੋਂ ਜਸਦੇਵ ਬਹਿਣੀਵਾਲ, ਰਾਣਾ ਨਿਰਮਾਣ, ਹਰਦੀਪ ਸੇਹਰਾ ਤੇ ਡਾ. ਬਲਬੀਰ ਭੱਟਮਾਜਰਾ ਨੇ ਵੀ ਸ਼ਿਰਕਤ ਕੀਤੀ।

