ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਜੁਲਾਈ
ਪਿੰਡ ਗੁਲਾਹੜ ਦੇ ਹਜ਼ਾਰ ਏਕੜ ਦੇ ਕਰੀਬ ਨੀਵੇਂ ਰਕਬੇ ਵਿੱਚੋਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਫਸਲਾਂ ਡੁੱਬ ਗਈਆਂ ਹਨ। ਪੀੜਤ ਕਿਸਾਨਾਂ ਨੇ ਇਸ ਬਰਬਾਦੀ ਲਈ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਉਕਤ ਵਿਭਾਗ ਨੇ ਪਾਸ ਹੋਏ ਪੌਣੇ ਕਰੋੜਾਂ ਦੇ ਪ੍ਰਾਜੈਕਟ ਉੱਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ। ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਵੱਲੋਂ ਸਾਰ ਨਾ ਲਏ ਜਾਣ ਤੋਂ ਖ਼ਫ਼ਾ ਪੀੜਤ ਕਿਸਾਨਾਂ ਨੇ ਅਗਾਮੀ ਚੋਣਾਂ ਵਿੱਚ ਅਕਾਲੀ-ਭਾਜਪਾ, ਆਪ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਉਧਰ ਐੱਸਡੀਐੱਮ ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ ਨੇ ਕਿਹਾ ਕਿ ਉਕਤ ਪ੍ਰਾਜੈਕਟ ਨੂੰ ਸਬੰਧਿਤ ਵਿਭਾਗ ਵੱਲੋਂ ਪ੍ਰਵਾਨਗੀ ਨਾ ਮਿਲਣ ਕਰਕੇ ਪ੍ਰਾਜੈਕਟ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਪਰ ਪਾਣੀ ਦੇ ਨਿਕਾਸ ਲਈ ਸੜਕਾਂ ਹੇਠ ਦੱਬੀਆਂ ਸਾਰੀਆਂ ਪੁਲੀਆਂ ਖੁੱਲਵਾ ਦਿੱਤੀਆਂ ਗਈਆਂ ਹਨ।