ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਸੰਗਰੂਰ ਥਾਣੇ ਦੀ ਚੈਕਿੰਗ
ਥਾਣੇ ’ਚ ਖੜ੍ਹੇ ਸੈਂਕੜੇ ਵਾਹਨਾਂ ਦਾ ਨੋਟਿਸ ਲਿਅਾ; ਤੁਰੰਤ ਕਾਰਵਾਈ ਦੇ ਆਦੇਸ਼ ਦਿੱਤੇ
ਪੰਜਾਬ ਰਾਜ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਅੱਜ ਸਥਾਨਕ ਪੁਲੀਸ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਥਾਣਾ ਸਿਟੀ ਸੰਗਰੂਰ ਵਿਚ ਤਾਇਨਾਤ ਕੁੱਲ 33 ਪੁਲੀਸ ਮੁਲਾਜ਼ਮਾਂ ਵਿੱਚੋਂ ਸਿਰਫ਼ 10 ਵੀ ਮੌਜੂਦ ਮਿਲੇ, ਜਦੋਂ ਕਿ 23 ਮੁਲਾਜ਼ਮਾਂ ਦੇ ਵੱਖ-ਵੱਖ ਥਾਈਂ ਡਿਊਟੀ ’ਤੇ ਹੋਣ ਦਾ ਹਵਾਲਾ ਦਿੱਤਾ ਗਿਆ।
ਥਾਣਾ ਸਿਟੀ ਪੁਲੀਸ ਦੇ ਐੱਸ ਐੱਚ ਓ ਅਤੇ ਮੁਨਸ਼ੀ ਨੇ ਵਰਦੀ ਨਹੀਂ ਪਹਿਨੀ ਹੋਈ ਸੀ। ਥਾਣਾ ਸਿਟੀ ਪੁਲੀਸ ਵਿੱਚ ਤਾਇਨਾਤ 6 ਮਹਿਲਾ ਪੁਲੀਸ ਮੁਲਾਜ਼ਮਾਂ ਵਿੱਚੋਂ ਕੋਈ ਵੀ ਥਾਣੇ ਵਿੱਚ ਮੌਜੂਦ ਨਹੀਂ ਸੀ। ਉਨ੍ਹਾਂ ਸੀ ਸੀ ਟੀ ਵੀ ਕੈਮਰਿਆਂ ਦੀ ਗਿਣਤੀ, ਕਾਰਜਪ੍ਰਣਾਲੀ ਅਤੇ ਡਿਊਟੀ ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਮੌਜੂਦਗੀ ਅਤੇ ਤਾਇਨਾਤੀ ਬਾਰੇ ਰਜਿਸਟਰ ਦੀ ਚੈਕਿੰਗ ਕੀਤੀ।
ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਥਾਣਾ ਸਿਟੀ ਦੀ ਹਵਾਲਾਤ ਚ ਬੰਦ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਥਾਣਾ ਸਿਟੀ ਕੰਪਲੈਕਸ ਦਾ ਦੌਰਾ ਕਰਦਿਆਂ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ। ਥਾਣਾ ਸਿਟੀ ਵਿਚ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ, ਪਖਾਨਿਆਂ, ਸਾਫ਼-ਸਫ਼ਾਈ ਦੀ ਘਾਟ ਆਦਿ ਕਮੀਆਂ ਸਾਹਮਣੇ ਆਈਆਂ। ਵੱਖ-ਵੱਖ ਕੇਸਾਂ ਨਾਲ ਸਬੰਧਤ ਥਾਣੇ ’ਚ ਮੌਜੂਦ ਵੱਡੀ ਤਾਦਾਦ ਵਿੱਚ ਖੜ੍ਹੇ ਵਾਹਨਾਂ ਦਾ ਵੀ ਗੰਭੀਰ ਨੋਟਿਸ ਲੈਂਦਿਆਂ ਬਣਦੀ ਅਦਾਲਤੀ ਕਾਰਵਾਈ ਮੁਕੰਮਲ ਹੋਣ ’ਤੇ ਨਿਲਾਮ ਕਰਨ ਲਈ ਐੱਸ ਐੱਚ ਓ ਨੂੰ ਆਖਿਆ ਗਿਆ।
ਜਤਿੰਦਰ ਸਿੰਘ ਸ਼ੰਟੀ ਨੇ ਕਿਹਾ ਕਿ ਥਾਣਾ ਸਿਟੀ ਸੰਗਰੂਰ ਦਾ ਦੌਰਾ ਕਰਕੇ ਦੇਖਿਆ ਗਿਆ ਹੈ ਕਿ ਪੁਲੀਸ ਹਿਰਾਸਤ ਵਿਚ ਰੱਖੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਅਨੁਸਾਰ ਸਾਰੀ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਜ਼ਿਆਦਾਤਰ ਪ੍ਰਬੰਧ ਤਸੱਲੀਬਖਸ਼ ਪਾਏ ਗਏ ਹਨ, ਜੋ ਕਮੀਆਂ ਸਾਹਮਣੇ ਆਈਆਂ ਹਨ, ਉਸ ਬਾਰੇ ਐੱਸ ਐੱਚ ਓ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਇਸ ਦੌਰੇ ਦੀ ਰਿਪੋਰਟ ਡੀ ਜੀ ਪੀ ਪੰਜਾਬ ਨੂੰ ਭੇਜੀ ਜਾਵੇਗੀ।

