ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਪਰੇਡ

ਗਣਤੰਤਰ ਦਿਵਸ ਮੌਕੇ ਕਿਸਾਨਾਂ ਵਲੋਂ ਵਿਸ਼ਾਲ ਟਰੈਕਟਰ ਪਰੇਡ

ਸੰਗਰੂਰ ਸ਼ਹਿਰ ’ਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਟਰੈਕਟਰਾਂ ਦਾ ਲੰਮਾ ਕਾਫ਼ਲਾ।

ਗੁਰਦੀਪ ਸਿੰਘ ਲਾਲੀ

ਸੰਗਰੂਰ, 27 ਜਨਵਰੀ

ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨਾਂ ਵਲੋਂ ਗਣਤੰਤਰ ਦਿਵਸ ਮੌਕੇ ਕਰੀਬ ਇੱਕ ਹਜ਼ਾਰ ਟਰੈਕਟਰਾਂ ਸਮੇਤ ਸ਼ਾਂਤਮਈ ਵਿਸ਼ਾਲ ਟਰੈਕਟਰ ਪਰੇਡ ਕੀਤੀ ਗਈ। ਟਰੈਕਟਰ ਪਰੇਡ ਦੌਰਾਨ ਟਰੈਕਟਰਾਂ ਉਪਰ ਤਿਰੰਗੇ ਝੰਡੇ, ਕੇਸਰੀ ਝੰਡੇ ਅਤੇ ਕਿਸਾਨ ਯੂਨੀਅਨਾਂ ਦੇ ਝੰਡੇ ਲੱਗੇ ਹੋਏ ਸਨ। ਪਰੇਡ ਦੌਰਾਨ ਕਿਸਾਨ ਖੇਤੀ ਮਾਰੂ ਕਾਲੇ ਕਾਨੂੰਨਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਟਰੈਕਟਰਾਂ ਦੇ ਕਈ ਕਿਲੋਮੀਟਰ ਲੰਮੇ ਕਾਫ਼ਲੇ ਵਾਲੀ ਨਿਵੇਕਲੀ ਪਰੇਡ ਸ਼ਹਿਰ ’ਚ ਖਿੱਚ ਦਾ ਕੇਂਦਰ ਬਣੀ ਰਹੀ ਜਿਸ ਦੇ ਲਈ ਟਰੈਫ਼ਿਕ ਪੁਲੀਸ ਵਲੋਂ ਆਵਾਜਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਗਣਤੰਤਰ ਦਿਵਸ ਮੌਕੇ ਵੱਡੀ ਤਾਦਾਦ ’ਚ ਕਿਸਾਨ ਆਪਣੇ ਟਰੈਕਟਰਾਂ ਤੇ ਹੋਰ ਵੱਖ-ਵੱਖ ਵਾਹਨਾਂ ਸਮੇਤ ਸਥਾਨਕ ਅਨਾਜ ਮੰਡੀ ਵਿੱਚ ਇਕੱਠੇ ਹੋਏ ਜਿਥੋਂ ਟਰੈਕਟਰ ਪਰੇਡ ਸ਼ੁਰੂ ਹੋ ਕੇ ਸੁਨਾਮੀ ਗੇਟ ਬਾਹਰ ਜਾ ਕੇ ਸਮਾਪਤ ਹੋਈ। ਇਸ ਮੌਕੇ ਕਿਸਾਨ ਆਗੂ ਰਣ ਸਿੰਘ ਚੱਠਾ, ਹਰਜੀਤ ਸਿੰਘ ਮੰਗਵਾਲ, ਇੰਦਰਪਾਲ ਸਿੰਘ ਪੁੰਨਾਂਵਾਲ ਆਦਿ ਨੇ ਦਾਅਵਾ ਕੀਤਾ ਕਿ ਟਰੈਕਟਰ ਪਰੇਡ ਵਿਚ ਕਰੀਬ ਇੱਕ ਹਜ਼ਾਰ ਤੋਂ ਵੱਧ ਟਰੈਕਟਰ ਸ਼ਾਮਲ ਹੋਏ ਹਨ ਅਤੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹੀ ਨਿਵੇਕਲੀ ਤੇ ਸ਼ਾਂਤਮਈ ਟਰੈਕਟਰ ਪਰੇਡ ਹੋਈ ਹੈ। ਉਨ੍ਹਾਂ ਕਿਹਾ ਕਿ ਖੇਤੀ ਖਿਲਾਫ਼ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੋ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਹਰਿਆਣਾ ਸਮੇਤ ਸਮੁੱਚੇ ਭਾਰਤ ਦੇ ਕਿਸਾਨ ਮੀਂਹ ਹਨੇਰੀ ਅਤੇ ਕੜਾਕੇ ਦੀ ਠੰਢ ਵਿੱਚ ਸੜਕਾਂ ’ਤੇ ਰਾਤਾਂ ਗੁਜ਼ਾਰ ਰਹੇ ਹਨ ਪਰੰਤੂ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ ਜਦੋਂ ਕਿ ਅੰਦੋਲਨ ਦੌਰਾਨ ਕਰੀਬ 170 ਕਿਸਾਨ ਸ਼ਹੀਦ ਹੋ ਚੁੱਕੇ ਹਨ। ਟਰੈਕਟਰ ਪਰੇਡ ਵਿੱਚ ਐਡਵੋਕੇਟ ਗੁਰਬਖਸੀਸ਼ ਸਿੰਘ ਚੱਠਾ, ਹਰਮਨਪ੍ਰੀਤ ਸਿੰਘ ਡਿੱਕੀ ਜੇਜੀ, ਕੇਵਲ ਸਿੰਘ ਜਵੰਧਾ, ਕਸ਼ਮੀਰ ਸਿੰਘ ਕਾਕੜਾ, ਹਰਜੀਤ ਸਿੰਘ ਕਲੌਦੀ, ਪਿਆਰਾ ਸਿੰਘ ਭੰਗੂ, ਬਲਵਿੰਦਰ ਸਿੰਘ ਬਡਰੁੱਖਾਂ, ਗੁਰਦੀਪ ਸਿੰਘ ਲਾਡਵੰਜ਼ਾਰਾ, ਸ਼ੀਤਲ ਸਿੰਘ ਕਲੌਦੀ, ਰੋਹੀ ਸਿੰਘ ਮੰਗਵਾਲ, ਪ੍ਰੀਤਮ ਸਿੰਘ ਕਾਂਝਲਾ, ਨਾਹਰ ਸਿੰਘ ਚੰਗਾਲ ਆਦਿ ਆਗੂ ਵੀ ਸ਼ਾਮਲ ਸਨ। ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦੇ ਸੱਦੇ ਉੱਤੇ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਸਬ ਡਿਵੀਜ਼ਨ ਪੱਧਰ ’ਤੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ ਨੇ  ਸੰਬੋਧਨ ਕੀਤਾ।

ਪਟਿਆਲਾ(ਗੁਰਨਾਮ ਸਿੰਘ ਅਕੀਦਾ): ਆਮ ਆਦਮੀ ਪਾਰਟੀ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਸਾਬਕਾ ਮੇਜਰ ਆਰਪੀਐੱਸ ਮਲਹੋਤਰਾ ਦੀ ਅਗਵਾਈ ਵਿੱਚ ਸਾਬਕਾ ਸੈਨਿਕਾਂ ਨੇ ਅੱਜ ਪਟਿਆਲਾ ’ਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕੈਪਟਨ ਦਰਬਾਰਾ ਸਿੰਘ, ਅਨੋਖ਼ ਸਿੰਘ, ਕੈਪਟਨ ਮਲਕੀਤ ਸਿੰਘ, ਸੂਬੇਦਾਰ ਸੁਰਜਨ ਸਿੰਘ ਸਕਰੌਦੀ, ਸੂਬੇਦਾਰ ਦਿਲਬਾਗ ਸਿੰਘ, ਨਾਇਕ ਲਖਵਿੰਦਰ ਸਿੰਘ, ਨਾਇਕ ਕਲਾਮ ਸਿੰਘ, ਹੌਲਦਾਰ ਗੁਰਨਾਮ ਸਿੰਘ, ਹੌਲਦਾਰ ਦਰਸ਼ਨ ਸਿੰਘ, ਨਾਇਕ ਰੁਪਿੰਦਰ ਸਿੰਘ, ਹੌਲਦਾਰ ਆਰ ਡੀ ਸਿੰਘ, ਹੌਲਦਾਰ ਜੋਗਿੰਦਰ ਸਿੰਘ, ਗੁਰਸੇਵਕ ਸਿੰਘ, ਜਗਮੋਹਨ ਸਿੰਘ, ਨਾਇਕ ਬਲਵਿੰਦਰ ਸਿੰਘ ਆਦਿ ਸਾਬਕਾ ਸੈਨਿਕ ਹਾਜ਼ਰ ਸਨ।

ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਪਿੰਡ ਕੁੱਪ ਖੁਰਦ ਵਿੱਚ ਔਰਤਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਰੋਸ ਰੈਲੀ ਕੱਢਦਿਆਂ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੀ ਇਕਾਈ ਕੁੱਪ ਖੁਰਦ ਦੇ ਆਗੂਆਂ ਦੀ ਅਗਵਾਈ ਹੇਠ ਕੱਢੀ ਰੈਲੀ ਤਾਂ ਜੋ ਸਾਰੇ ਇਕਜੁੱਟ ਹੋ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਸਕੀਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All