‘ਬਾਪੂ ਜੀ ਕਿੰਨੇ ਖੁਸ਼ ਹੋਏ’: ਚਲਦੀ ਬੱਸ ਵਿੱਚ ਕਲਾਕਾਰ ਨੇ ਉਤਾਰਿਆ ਕੰਡਕਟਰ ਦਾ ਚਿਹਰਾ
ਸੁਨਾਮ ਤੋਂ ਬੁਢਲਾਡਾ ਦੇ ਰਸਤੇ ’ਤੇ ਕਲਾ ਨੇ ਜਿੱਤਿਆ ਦਿਲ; ਟੁੱਟੀਆਂ ਸੜਕਾਂ ਦੇ ਝਟਕਿਆਂ ਵਿਚਕਾਰ ਬਣੀ ਸ਼ਾਨਦਾਰ ਪੇਂਟਿੰਗ
Punjab Artist Makes Portrait: ਪੰਜਾਬ ਦੇ ਮਸ਼ਹੂਰ ਕਲਾਕਾਰ ਅਨੁਪਿੰਦਰ ਸਿੰਘ, ਜੋ ਅਕਸਰ ਆਪਣੀ ਕਲਾ ਰਾਹੀਂ ਆਮ ਲੋਕਾਂ ਦੇ ਅਣਭੋਲ ਜਜ਼ਬਾਤਾਂ ਨੂੰ ਕੈਨਵਸ ਤੇ ਉਤਾਰਦੇ ਹਨ, ਨੇ ਇਸ ਵਾਰ ਕਮਾਲ ਹੀ ਕਰ ਦਿੱਤੀ।
ਸੁਨਾਮ ਤੋਂ ਬੁਢਲਾਡਾ ਜਾ ਰਹੀ ਇੱਕ ਬੱਸ ਵਿੱਚ ਸਫਰ ਕਰਦਿਆਂ ਅਨੁਪਿੰਦਰ ਨੇ ਬੱਸ ਦੇ ਬਜ਼ੁਰਗ ਕੰਡਕਟਰ (ਬਾਪੂ ਜੀ) (Bus conductor portrait ) ਦਾ ਇੱਕ ਬੇਹੱਦ ਖੂਬਸੂਰਤ ਸਕੈੱਚ ਤਿਆਰ ਕੀਤਾ। ਇਹ ਕੰਮ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ ਕਿਉਂਕਿ ਬੱਸ ਬੇਹੱਦ ਖਸਤਾ ਹਾਲ ਸੜਕਾਂ ਤੋਂ ਗੁਜ਼ਰ ਰਹੀ ਸੀ।
ਆਪਣੀ ਵੀਡੀਓ ਸਾਂਝੀ ਕਰਦਿਆਂ ਅਨੁਪਿੰਦਰ ਨੇ ਲਿਖਿਆ, “ ਅੱਜ ਪਹਿਲੀ ਵਾਰ ਮੈਂ ਚਲਦੀ ਬੱਸ ਵਿੱਚ ਸਕੈੱਚ ਬਣਾਇਆ। ਸੰਗਰੂਰ ਜ਼ਿਲ੍ਹੇ ਦੀ ਇਹ ਸੜਕ ਸਭ ਤੋਂ ਖਰਾਬ ਸੜਕਾਂ ਵਿੱਚੋਂ ਇੱਕ ਸੀ। ਇੱਕ ਵਾਰ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਅੱਜ ਇਹ ਮੁਮਕਿਨ ਨਹੀਂ ਹੋ ਸਕੇਗਾ ਅਤੇ ਮੈਂ ਲਗਭਗ ਹਿੰਮਤ ਹਾਰ ਚੁੱਕਾ ਸੀ। ਪਰ ਟੁੱਟੀ ਸੜਕ ਦੇ ਝਟਕਿਆਂ ਦੇ ਬਾਵਜੂਦ, ਕਲਾਕਾਰ ਦੇ ਹੁਨਰ ਨੇ ਹਾਰ ਨਹੀਂ ਮੰਨੀ।”
ਜਦੋਂ ਸਕੈੱਚ ਬਣ ਕੇ ਤਿਆਰ ਹੋਇਆ ਅਤੇ ਅਨੁਪਿੰਦਰ ਨੇ ਇਸਨੂੰ ਕੰਡਕਟਰ ਬਾਪੂ ਜੀ ਨੂੰ ਦਿਖਾਇਆ, ਤਾਂ ਉਨ੍ਹਾਂ ਦੀ ਹੈਰਾਨੀ ਅਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਬਾਪੂ ਜੀ ਨੇ ਮੁਸਕੁਰਾਉਂਦੇ ਹੋਏ ਕਿਹਾ, “ ਪਤਾ ਹੀ ਨਹੀਂ ਲੱਗਾ ਇੰਨੀ ਜਲਦੀ ਬਣਾ ਦਿੱਤੀ।”
View this post on Instagram
ਉਨ੍ਹਾਂ ਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਕਦੋਂ ਸਫਰ ਕਰਦੇ-ਕਰਦੇ ਉਨ੍ਹਾਂ ਦੀ ਇੱਕ ਯਾਦਗਾਰ ਤਸਵੀਰ ਕਾਗਜ਼ ’ਤੇ ਉਤਰ ਗਈ।
ਸੁਨਾਮ ਅਤੇ ਬੁਢਲਾਡਾ ਦੇ ਵਿਚਕਾਰ ਉਸ ਧੂੜ ਭਰੀ ਸੜਕ ’ਤੇ, ਇਸ ਖੂਬਸੂਰਤ ਪਲ ਨੇ ਸਾਬਤ ਕਰ ਦਿੱਤਾ ਕਿ ਕਲਾ ਅਤੇ ਮਨੁੱਖੀ ਹਮਦਰਦੀ ਦੀ ਰਫ਼ਤਾਰ ਕਿਸੇ ਵੀ ਤੇਜ਼ ਬੱਸ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਅਨੁਪਿੰਦਰ ਸਿੰਘ ਦੀ ਇਹ ਕੋਸ਼ਿਸ਼ ਹੁਣ ਸੋਸ਼ਲ ਮੀਡੀਆ ’ਤੇ ਖੂਬ ਵਾਹ-ਵਾਹੀ ਖੱਟ ਰਹੀ ਹੈ ਅਤੇ ਦੂਜੇ ਪਾਸੇ ਬਾਪੂ ਜੀ ਦੀ ਅਨਮੋਲ ਮੁਸਕੁਰਾਹਟ ਸਭ ਦਾ ਦਿੱਲ ਜਿੱਤ ਰਹੀ ਹੈ।

