ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 13 ਅਗਸਤ
ਇੱਥੋਂ ਦੇ ਨੇੜਲੇ ਪਿੰਡ ਘਰਾਚੋਂ ਵਿੱਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਵਿੱਚੋਂ ਬਾਕੀ ਰਹਿ ਗਈ 8 ਏਕੜ ਜ਼ਮੀਨ ਦੀ ਬੋਲੀ ਅੱਜ ਰੱਖੀ ਗਈ ਸੀ, ਪਰ ਪੰਚਾਇਤ ਅਧਿਕਾਰੀਆਂ ਵੱਲੋਂ ਰੱਖੀਆਂ ਸ਼ਰਤਾਂ ਅਨੁਸਾਰ ਦਲਿਤਾਂ ਵੱਲੋਂ ਬੋਲੀ ਨਾ ਦੇਣ ਕਾਰਨ ਇਹ ਬੋਲੀ ਮੁਲਤਵੀ ਕਰ ਦਿੱਤੀ ਗਈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਇਕਾਈ ਘਰਾਚੋਂ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿੰਡ ਘਰਾਚੋਂ ਦੇ ਰਿਜ਼ਰਵ ਕੋਟੇ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਰੇੜਕੇ ਦੇ ਦਰਮਿਆਨ ਦਲਿਤ ਸੰਘਰਸ਼ ਸਦਕਾ 8 ਏਕੜ ਦੀ ਡੰਮੀ ਬੋਲੀ ਪ੍ਰਸ਼ਾਸਨ ਨੂੰ ਰੱਦ ਕਰਨੀ ਪਈ ਸੀ, ਜਿਸ ਦੀ ਬੋਲੀ ਅੱਜ ਦੁਬਾਰਾ ਰਵਿਦਾਸ ਧਰਮਸ਼ਾਲਾ ਵਿੱਚ ਰੱਖੀ ਗਈ ਸੀ। ਉਨ੍ਹਾਂ ਦੱਸਿਆ ਕਿ ਬੋਲੀ ਨੂੰ ਲੈ ਕੇ ਦਲਿਤ ਆਪਣੇ ਪਰਿਵਾਰਾਂ ਸਮੇਤ ਰਵਿਦਾਸੀਆ ਧਰਮਸ਼ਾਲਾ ’ਚ ਪਹੁੰਚ ਗਏ। ਇਸੇ ਦੌਰਾਨ ਉਥੇ ਡੰਮੀ ਬੋਲੀਕਾਰਾਂ ਵੱਲੋਂ ਦੁਬਾਰਾ ਬੋਲੀ ਵਿੱਚ ਵਿਘਨ ਪਾਉਣ ਤੇ ਅਮਨ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਲਿਤਾਂ ਨੇ ਉਨ੍ਹਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ, ਜਿਸ ਕਾਰਨ ਪੁਲੀਸ ਪ੍ਰਸ਼ਾਸਨ ਵੱਲੋਂ ਡੰਮੀ ਬੋਲੀ ਕਾਰ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਬੀਡੀਪੀਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਦੀ ਨਿਗਰਾਨੀ ਹੇਠ 8 ਏਕੜ ਜ਼ਮੀਨ ਦੀ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪੰਚਾਇਤੀ ਵਿਭਾਗ ਵੱਲੋਂ ਇਸ ਸਾਲ ਠੇਕੇ ’ਤੇ ਚੜ੍ਹੀ ਜ਼ਮੀਨ ਦੇ ਰੇਟ ਅਨੁਸਾਰ ਬੋਲੀ ਸ਼ੁਰੂ ਕੀਤੀ ਗਈ, ਜਿਸ ’ਤੇ ਦਲਿਤਾਂ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ ਵਾਂਗ ਘੱਟ ਰੇਟ ’ਤੇ ਹੀ ਬੋਲੀ ਦੇਣਗੇ। ਇਸ ਉਪਰੰਤ ਪੰਚਾਇਤੀ ਅਧਿਕਾਰੀਆਂ ਨੇ ਬੋਲੀ ਮੁਲਤਵੀ ਕਰ ਦਿੱਤੀ। ਬੀਡੀਪੀਓ ਸ੍ਰੀ ਸੋਹੀ ਨੇ ਦੱਸਿਆ ਕਿ ਇਸ ਜ਼ਮੀਨ ਦੀ ਸੋਮਵਾਰ ਨੂੰ ਦੁਬਾਰਾ ਬੋਲੀ ਕੀਤੀ ਜਾਵੇਗੀ।
ਇਸ ਮੌਕੇ ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਦੇ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਪਿੰਡ ਘਰਾਚੋਂ ਦੇ ਕਿਰਤੀ ਲੋਕਾਂ ਵੱਲੋਂ ਆਪਣੇ ਬਣਦੇ ਹਿੱਸੇ ਦੀ ਜ਼ਮੀਨ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਮੱਘਰ ਸਿੰਘ, ਚਰਨਜੀਤ ਕੌਰ, ਗੁਰਚਰਨ ਸਿੰਘ ਕੌਰੀ, ਪ੍ਰਦੀਪ ਸਿੰਘ, ਪ੍ਰਗਟ ਸਿੰਘ ਤੇ ਮਿੱਠੂ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਦਲਿਤ ਹਾਜ਼ਰ ਸਨ।