Hope for Mehal Kalan: ਹੇੜੀਕੇ ’ਚ ਆਈ ਟੀ ਆਈ ਨਾ ਬਣਨ ਦਾ ਵਿਰੋਧ
‘ਹੋਪ ਫਾਰ ਮਹਿਲ ਕਲਾਂ’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਹੇੜੀਕੇ ਵਿੱਚ ਉਦਯੋਗਿਕ ਸਿਖਲਾਈ ਸੰਸਥਾ ਬਣਾਏ ਜਾਣ ਲਈ ਤਕਰੀਬਨ ਪੰਦਰਾਂ ਸਾਲ ਪਹਿਲਾਂ ਦਿੱਤੀ ਗਈ ਪੰਚਾਇਤੀ ਜ਼ਮੀਨ ਖਾਲੀ ਪਏ ਹੋਣ ਦਾ ਮੁੱਦਾ ਵਿਧਾਇਕ ਵੱਲੋਂ ਵਿਧਾਨ ਸਭਾ ’ਚ ਨਾ ਉਠਾਏ ਜਾਣ...
‘ਹੋਪ ਫਾਰ ਮਹਿਲ ਕਲਾਂ’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਹੇੜੀਕੇ ਵਿੱਚ ਉਦਯੋਗਿਕ ਸਿਖਲਾਈ ਸੰਸਥਾ ਬਣਾਏ ਜਾਣ ਲਈ ਤਕਰੀਬਨ ਪੰਦਰਾਂ ਸਾਲ ਪਹਿਲਾਂ ਦਿੱਤੀ ਗਈ ਪੰਚਾਇਤੀ ਜ਼ਮੀਨ ਖਾਲੀ ਪਏ ਹੋਣ ਦਾ ਮੁੱਦਾ ਵਿਧਾਇਕ ਵੱਲੋਂ ਵਿਧਾਨ ਸਭਾ ’ਚ ਨਾ ਉਠਾਏ ਜਾਣ ’ਤੇ ਰੋਸ ਦਾ ਇਜ਼ਹਾਰ ਕੀਤਾ। ਸ੍ਰੀ ਟਿੱਬਾ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਲੋਕਾਂ ਦੇ ਅਹਿਮ ਮੁੱਦੇ ’ਤੇ ਵਿਧਾਨ ਸਭਾ ਸੈਸ਼ਨ ’ਚ ਚੁੱਪ ਵੱਟੀ ਰੱਖੀ, ਉੱਥੇ ਹੀ ਹਲਕੇ ਦੇ ਪਿੰਡ ਠੀਕਰੀਵਾਲ ਵਿੱਚ ਪ੍ਰਸਤਾਵਿਤ ਨਰਸਿੰਗ ਕਾਲਜ ਦਾ ਕੰਮ ਅੱਗੇ ਨਾ ਵਧਣ ਦੇ ਮਾਮਲੇ ਤੋਂ ਇਲਾਵਾ ਸ਼ੇਰਪੁਰ ਨੂੰ ਸਬ-ਡਿਵੀਜ਼ਨ ਬਣਾਏ ਜਾਣ ਦੀ ਮੰਗ ਸਬੰਧੀ ਕੋਈ ਗੱਲ ਨਹੀਂ ਕੀਤੀ। ਸ੍ਰੀ ਟਿੱਬਾ ਨੇ ਸਰਕਾਰੀ ਹਸਪਤਾਲ ਸ਼ੇਰਪੁਰ ਵਿੱਚ ਵੱਡੀ ਇਮਾਰਤ ਦੇ ਬਾਵਜੂਦ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ, ਅਧਿਆਪਕਾਂ ਦੀਆਂ ਖਾਲੀ ਅਸਾਮੀਆਂ, ਸੀਵਰੇਜ, ਡਰੇਨੇਜ ਦੀਆਂ ਸਮੱਸਿਆਵਾਂ, ਸਾਫ਼ ਪਾਣੀ ਘਾਟ ਆਦਿ ’ਤੇ ਚੁੱਪ ਵੱਟੀ ਰੱਖੀ।
ਪਿੰਡ ਹੇੜੀਕੇ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਅਤੇ ਕਾਂਗਰਸੀ ਆਗੂ ਅਵਤਾਰ ਸਿੰਘ ਹੇੜੀਕੇ ਨੇ ਦੱਸਿਆ ਕਿ ਆਈ ਟੀ ਆਈ ਲਈ ਵਿਭਾਗ ਨੂੰ ਦਿੱਤੀ ਪੰਜ ਕਿਲੇ ਜ਼ਮੀਨ ਖਾਲੀ ਪਈ ਹੈ ਜਦੋਂਕਿ ਵੱਖਰੇ ਤੌਰ ’ਤੇ ਫੋਕਲ ਪੁਆਇੰਟ ਨੂੰ ਦਿੱਤੀ ਤਕਰੀਬਨ 18 ਕਿਲੇ ਜ਼ਮੀਨ ਵੀ ਦੋ ਦਹਾਕਿਆਂ ਤੋਂ ਖਾਲੀ ਪਈ ਹੈ। ਪਿੰਡ ਵਾਸੀ ਕਈ ਵਾਰ ਮੰਗ ਕਰ ਚੁੱਕੇ ਹਨ ਕਿ ਜੇ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ ਤਾਂ ਘੱਟੋ-ਘੱਟ ਪੰਚਾਇਤੀ ਜ਼ਮੀਨ ਸਬੰਧਤ ਵਿਭਾਗਾਂ ਤੋਂ ਵਾਪਸ ਕਰਵਾਈ ਜਾਵੇ।
ਵਿਧਾਇਕ ਪੰਡੋਰੀ ਨੇ ਦੋਸ਼ ਨਕਾਰੇ
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਮੁੱਦੇ ਨਹੀਂ ਉਠਾਉਂਦੇ ਸਗੋਂ ਹੱਲ ਕਰਵਾਉਂਦੇ ਹਨ। ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾ ਕੇ ਵਿਰੋਧੀਆਂ ਨੂੰ ਜਵਾਬ ਦੇਣਗੇ।

