ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 28 ਮਈ
ਦੋਪਹੀਆ ਵਾਹਨ ‘ਤੇ ਪੂਰੇ ਭਾਰਤ ਸਮੇਤ ਨੇਪਾਲ ਅਤੇ ਭੂਟਾਨ ਦਾ ਦੌਰਾ ਕਰਕੇ ਸੁਨਾਮ ਪਹੁੰਚੇ ਹਰਿੰਦਰ ਲਾਲੀ ਦਾ ਅੱਜ ਇੱਥੋਂ ਦੇ ਇੰਟੈਂਸਿਟੀ ਜਿਮ ‘ਚ ਕੇਕ ਕੱਟ ਕੇ ਸਵਾਗਤ ਕੀਤਾ ਗਿਆ। ਕਿੱਤੇ ਵਜੋਂ ਐਡਵੋਕੇਟ ਹਰਿੰਦਰ ਲਾਲੀ ਨੇ ਪੂਰੇ ਭਾਰਤ ਦੀ ਇਹ ਯਾਤਰਾ ਸਕੂਟਰੀ ‘ਤੇ 65 ਦਿਨਾਂ ਵਿੱਚ ਪੂਰੀ ਕੀਤੀ ਹੈ।
ਜਿਮ ਸੰਚਾਲਕ ਹਰਪਾਲ ਹੈਰੀ ਵੱਲੋ ਰੱਖੇ ਗਏ ਸਨਮਾਨ ਸਮਾਗਮ ਮੌਕੇ ਹਰਿੰਦਰ ਲਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਦੋ ਸਾਥੀਆਂ ਬਰਨਾਲਾ ਦੇ ਡਾ. ਰਾਜਾ ਰਾਮ ਹੰਢਿਆਇਆ ਅਤੇ ਜੀਂਦ ਦੇ ਨਿਵਾਸੀ ਰਾਜੇਸ਼ ਕੁਮਾਰ ਦੇ ਨਾਲ 19 ਮਾਰਚ ਨੂੰ ਸੁਨਾਮ ਤੋਂ ਸਵੇਰੇ 7 ਵਜੇ ਸਫਰ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਇਸ ਸਫਰ ਦਾ ਮਕਸਦ ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਵਿੱਚ ਦਰਜ ਲੋਕਾਂ ਦੇ ਦੇਸ਼ ਪ੍ਰਤੀ ਫਰਜ਼ਾਂ ਤੋਂ ਜਾਣੂ ਕਰਵਾਉਣਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਦੇਸ਼ ਦੇ ਪਹਿਲੇ ਅਜਿਹੇ ਤਿੰਨ ਵਿਅਕਤੀ ਹਨ ਜਿਨ੍ਹਾਂ ਨੇ ਸਕੂਟਰੀ ‘ਤੇ ਲਗਾਤਾਰ 65 ਦਿਨ ਚੱਲ ਕੇ ਪੰਜਾਬ ਤੋਂ ਕੰਨਿਆਕੁਮਾਰੀ ਅਤੇ ਉਥੋਂ ਵਾਪਸ ਪੱਛਮੀ ਬੰਗਾਲ ਭੂਟਾਨ ਨੇਪਾਲ ਅਤੇ ਉਥੋਂ ਹੀ ਲੱਦਾਖ- ਕਸ਼ਮੀਰ-ਜੰਮੂ ਹੁੰਦੇ ਹੋਏ 23 ਮਈ ਨੂੰ ਚੰਡੀਗੜ੍ਹ ਆ ਕੇ ਆਪਣਾ ਸਫਰ ਖਤਮ ਕੀਤਾ।
ਹਰਿੰਦਰ ਲਾਲੀ ਨੇ ਐਲਾਨ ਕੀਤਾ ਕਿ ਜੇਕਰ ਕੋਈ ਇਹ ਸਾਬਤ ਕਰ ਦਿੰਦਾ ਹੈ ਕਿ ਉਸ ਨੇ ਬਿਨਾਂ ਗੀਅਰ ਵਾਲੇ ਦੋਪਹੀਆ ਵਾਹਨ ‘ਤੇ ਸਫਰ ਕੀਤਾ ਹੈ ਤਾਂ ਉਹ ਉਸ ਨੂੰ 50 ਹਜ਼ਾਰ ਦਾ ਇਨਾਮ ਦੇਣਗੇ ਅਤੇ ਜੇਕਰ ਕੋਈ ਹੋਰ ਉਸ ਤੋਂ ਪ੍ਰਭਾਵਿਤ ਹੋ ਕੇ ਅਜਿਹਾ ਕਰਨ ਦਾ ਹੀਂਆਂ ਕਰਦਾ ਹੈ ਤਾਂ ਉਹ ਉਸਨੂੰ ਇਕ ਲੱਖ ਰੁਪਏ ਦੀ ਰਾਸ਼ੀ ਦਾ ਇਨਾਮ ਦੇਣਗੇ।