ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 23 ਸਤੰਬਰ
ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਸਥਿਤ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਬਡਰੁੱਖਾਂ ਦੀਆਂ ਲਾਈਟਾਂ ਪਿਛਲੇ ਕਰੀਬ 7 ਮਹੀਨੇ ਤੋਂ ਬੰਦ ਹਨ। ਇਸ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਸਮਾਜ ਸੇਵੀ ਰਜਿੰਦਰਪਾਲ ਗੁੱਡੂ ਬਡਰੁੱਖਾਂ ਅਤੇ ਬਿਰਧ ਆਸ਼ਰਮ ਦੇ ਪ੍ਰਧਾਨ ਇੰਜੀਨੀਅਰ ਬਲਦੇਵ ਸਿੰਘ ਗੋਸਲ ਨੇ ਦੱਸਿਆ ਕਿ ਲਾਈਟਾਂ ਚਲਾਉਣ ਲਈ ਉਨ੍ਹਾਂ ਅਤੇ ਪਿੰਡ ਦੇ ਸਰਪੰਚ ਕੁਲਜੀਤ ਸਿੰਘ ਤੂਰ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਹੈੱਡ ਮੈਨੇਜਰ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਪਰ ਅਥਾਰਟੀ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਪਿੰਡ ਬਡਰੁੱਖਾਂ ਤੋਂ ਇਲਾਵਾ ਨੇੜੇ ਦੇ ਹੋਰ ਪਿੰਡਾਂ ਤੋਂ ਬਹੁਤ ਸ਼ਰਧਾਲੂ ਸਵੇਰੇ ਤੜਕਸਾਰ ਹੀ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਪੈਦਲ ਮੱਥਾ ਟੇਕਣ ਲਈ ਜਾਂਦੇ ਹਨ ਅਤੇ ਬਹੁਤ ਸਾਰੇ ਲੋਕ ਰੋਜ਼ਾਨਾ ਸਵੇਰੇ ਸ਼ਾਮ ਸੈਰ ਕਰਨ ਲਈ ਜਾਂਦੇ ਹਨ, ਪਰ ਸੜਕ ਵਿਚਕਾਰ ਲੱਗੀਆਂ ਲਾਈਟਾਂ ਨਾ ਚੱਲਣ ਕਾਰਨ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਈਟਾਂ ਤੁਰੰਤ ਮੁਰੰਮਤ ਕਰ ਕੇ ਚਾਲੂ ਕਰਵਾਈਆਂਂ ਜਾਣ ਤਾਂ ਜੋ ਕੋਈ ਵੀ ਹਾਦਸਾ ਹੋਣ ਤੋਂ ਬਚਾਅ ਕੀਤਾ ਜਾ ਸਕੇ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਣ।