ਇੱਥੋਂ ਦੀ ਗਿਆਨੀ ਜੈਲ ਸਿੰਘ ਕਲੋਨੀ ਵਿੱਚ ਬਿਜਲੀ ਦੀਆਂ ਮੇਨ ਲਾਈਨਾਂ ਅਮਰਗੜ੍ਹ 11 ਕੇ ਵੀ ਅਤੇ ਲਾਂਗੜੀਆਂ 11 ਕੇ ਵੀ ਫੀਡਰ ਬਿਲਕੁਲ ਘਰਾਂ ਦੇ ਉੱਪਰੋਂ ਲੰਘਦੀਆਂ ਹਨ ਜਿਸ ਕਾਰਨ ਲੋਕ ਹਮੇਸ਼ਾ ਡਰ ਦੇ ਛਾਏ ਹੇਠ ਜਿਊਣ ਲਈ ਮਜਬੂਰ ਹਨ। ਕਲੋਨੀ ਵਾਸੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ ਉਪਰ ਨਹੀਂ ਜਾ ਸਕਦੇ ਅਤੇ ਮੀਂਹ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਜ਼ਿਆਦਾ ਖ਼ਤਰਨਾਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਵੱਲੋਂ ਤਾਰਾਂ ਬਾਹਰ ਕਢਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ, ਪਰ ਚੋਣ ਜਿੱਤਣ ਉਪਰੰਤ ਕਿਸੇ ਦੇ ਕੁਝ ਵੀ ਯਾਦ ਨਹੀਂ ਰਹਿੰਦਾ। ਕਲੋਨੀ ਵਾਸੀ ਸੁਨੀਲ ਕੁਮਾਰ, ਰਮੇਸ਼ ਕੁਮਾਰ, ਕੁਲਦੀਪ ਸਿੰਘ, ਬਾਨਾ ਕੌਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਰਾਮੂ, ਭਜਨ ਸਿੰਘ, ਬਲਕਾਰ ਸਿੰਘ ਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਮਹਿਕਮੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਹੁਤ ਵਾਰ ਅਰਜ਼ੀਆਂ ਦੇ ਚੁੱਕੇ ਹਨ ਪਰ ਕਿਸੇ ਨੇ ਵੀ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ। ਉਨ੍ਹਾਂ ਤਾਰਾਂ ਦੀਆਂ ਦੋਵੇਂ ਲਾਈਨਾਂ ਘਰਾਂ ਦੇ ਬਾਹਰੋਂ ਕੱਢਣ ਦੀ ਮੰਗ ਕੀਤੀ।
ਤਾਰਾਂ ਨੂੰ ਜਲਦੀ ਤਬਦੀਲ ਕੀਤਾ ਜਾਵੇਗਾ: ਐੱਸ ਡੀ ਓ
ਐੱਸ ਡੀ ਓ ਨਵਜੀਤ ਸਿੰਘ ਨੇ ਕਿਹਾ ਕਿ ਉਹ ਪੂਰੇ ਕੰਮ ਦਾ ਜਾਇਜ਼ਾ ਲੈ ਕੇ ਐਸਟੀਮੈਂਟ ਬਣਾ ਰਹੇ ਹਨ। ਐਸਟੀਮੈਂਟ ਪਾਸ ਹੋਣ ਉਪਰੰਤ ਘਰਾਂ ਉਪਰੋਂ ਲੰਘਦੀਆਂ ਤਾਰਾਂ ਨੂੰ ਜਲਦੀ ਤਬਦੀਲ ਕਰ ਦਿੱਤਾ ਜਾਵੇਗਾ।

