Harjinder Kaur Inspiration: ਹਰਜਿੰਦਰ ਕੌਰ ਦੇ ਤਗਮਿਆਂ ਨੇ ਮੈਹਸ ਪਿੰਡ ਵਿਚ ਖੇਡਾਂ ਦੀ ਚਿਣਗ ਲਗਾਈ
Punjab Sports: ਖੇਡ ਮੈਦਾਨ ਤੋਂ ਬਿਨਾਂ ਵੀ ਬੱਚਿਆਂ ਵਿਚ ਉਤਸ਼ਾਹ; ਸਿਆਸਤਦਾਨਾਂ ਨੇ ਖੇਡ ਮੈਦਾਨ ਬਣਾਉਣ ਦਾ ਵਾਅਦਾ ਪੂਰਾ ਨਾ ਕੀਤਾ
Mehas Sports Story: ਨਾਭਾ ਨੇੜਲੇ ਪਿੰਡ ਮੈਹਸ ਵਿਚ ਵੇਟਲਿਫਟਰ ਹਰਜਿੰਦਰ ਕੌਰ ਦਾ ਇੱਕ ਕਮਰੇ ਵਾਲੇ ਘਰ ਤੋਂ ਅੰਤਰਰਾਸ਼ਟਰੀ ਖੇਡਾਂ ਤੱਕ ਦਾ ਸਫ਼ਰ ਪਿੰਡ ਵਿਚ ਅਨੇਕਾਂ ਪਰਿਵਾਰਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ। ਰਾਸ਼ਟਰਮੰਡਲ ਖੇਡਾਂ ਬਰਮਿੰਘਮ 2022 ਵਿੱਚ ਕਾਂਸੀ, ਹੁਣ ਗਲਾਸਗੋ ਵਿੱਚ ਚਾਂਦੀ ਅਤੇ ਹੋਰ ਅੰਤਰਰਾਸ਼ਟਰੀ ਤਗਮੇ ਜਿੱਤਣ ਵਾਲੀ ਅਤੇ 2024 ਵਿਚ ਆਮਦਨ ਕਰ ਇੰਸਪੈਕਟਰ ਬਣੀ ਹਰਜਿੰਦਰ ਦੀ ਸ਼ੁਰੂਆਤ ਮੌਕੇ ਸਾਧਨਾਂ ਦੀ ਕਮੀ ਦੇ ਬਾਵਜੂਦ ਕੀਤੀ ਸਖਤ ਮਿਹਨਤ ਨੂੰ ਬੂਰ ਪੈਂਦਾ ਦੇਖ ਕਈ ਪਿੰਡ ਵਾਸੀ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਗਾ ਰਹੇ ਹਨ।
ਹਰਜਿੰਦਰ ਨੇ ਖੁਦ ਕਈ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਕ ਅਥਲੈਟਿਕਸ, ਕ੍ਰਿਕਟ, ਵਾਲੀਬਾਲ ਵਿਚ ਅੱਗੇ ਵਧਣ ਵੱਲ ਪ੍ਰੇਰਿਆ। ਹਾਲਾਂਕਿ ਪਿੰਡ ਵਿਚ ਕੋਈ ਖੇਡ ਮੈਦਾਨ ਨਾ ਹੋਣ ਕਾਰਨ ਕਈਆਂ ਦੇ ਸੁਪਨੇ ਉਡਾਣ ਭਰਨ ਦਾ ਇੰਤਜ਼ਾਰ ਕਰ ਰਹੇ ਹਨ।
ਇੰਡੇਨ ਗੈਸ ਪਲਾਂਟ ਵਿਚ ਮਜ਼ਦੂਰੀ ਕਰਦੇ ਪਿੰਡ ਵਾਸੀ ਗੁਰਬਾਜ ਸਿੰਘ ਆਪਣੀ ਧੀ ਸ਼ਗਨਪ੍ਰੀਤ ਕੌਰ (12) ਅਤੇ ਪੁੱਤਰ ਅਗਮਜੋਤ ਸਿੰਘ (10) ਨੂੰ ਹਰ ਰੋਜ਼ ਨਾਭਾ ਕਾਲਜ ਗਰਾਊਂਡ ਵਿਚ ਇੱਕ ਕੋਚ ਕੋਲ ਦੌੜ ਦਾ ਅਭਿਆਸ ਕਰਨ ਭੇਜਦੇ ਹਨ। ਇਸੇ ਤਰੀਕੇ ਗੁਰਜੰਟ ਸਿੰਘ ਆਪਣੇ ਪੁੱਤਰ ਸਹਿਜ (12) ਨੂੰ ਵੀ ਅਥਲੀਟ ਬਣਾਉਣ ਦੇ ਸੁਪਨੇ ਨਾਲ ਰੋਜ਼ ਨਾਭਾ ਭੇਜਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹਰਜਿੰਦਰ ਦੇ ਮਾਰਗਦਰਸ਼ਨ ਹੇਠ ਹੀ ਉਨ੍ਹਾਂ ਨੇ ਬੱਚਿਆਂ ਦੇ ਖੇਡ ਲਈ ਚੋਣ ਕੀਤੀ ਅਤੇ ਸਿਖਲਾਈ ਦੇਣ ਦਾ ਫੈਸਲਾ ਕੀਤਾ। ਹਰਜਿੰਦਰ ਦਾ ਆਪਣਾ ਭਤੀਜਾ ਵੀ ਕ੍ਰਿਕਟ ਸਿੱਖ ਰਿਹਾ ਹੈ।
ਮੈਹਸ ਪਿੰਡ ਵਾਸੀਆਂ ਨੇ ਨਿਰਾਸ਼ਾ ਜਤਾਉਂਦਿਆਂ ਦੱਸਿਆ ਕਿ ਜਦੋਂ 2022 ਵਿਚ ਹਰਜਿੰਦਰ ਨੇ ਤਗਮਾ ਜਿੱਤਿਆ ਤਾਂ ਸਿਆਸਤਦਾਨਾਂ ਨੇ ਉਨ੍ਹਾਂ ਦੇ ਪਿੰਡ ਨੂੰ ਇੱਕ ਖੇਡ ਮੈਦਾਨ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ ਜਿਸ ਦੀ ਪਿੰਡ ਨੂੰ ਅਜੇ ਤੱਕ ਉਡੀਕ ਹੈ। ਲੋਕਾਂ ਦੀ ਮੰਗ 'ਤੇ ਪੰਚਾਇਤ ਨੇ ਆਪਣੇ ਪੱਧਰ 'ਤੇ ਇੱਕ ਥਾਂ 'ਤੇ 1000 ਟਰਾਲੀ ਦੇ ਕਰੀਬ ਮਿੱਟੀ ਤਾਂ ਪਵਾ ਦਿੱਤੀ ਪਰ ਪਿੰਡ ਵਿਚ 10 ਕਿੱਲੇ ਸ਼ਾਮਲਾਟ ਵਿਚੋਂ ਬਹੁਤੀ ਆਮਦਨ ਨਾ ਹੋਣ ਕਾਰਨ ਉਹ ਮੈਦਾਨ ਦਾ ਰੂਪ ਨਾ ਧਾਰ ਸਕੀ। ਰਣਬੀਰ, ਕੰਵਰਪਾਲ, ਗੁਰਮੀਤ, ਜਸਕੀਰਤ ਆਦਿ ਨੌਜਵਾਨਾਂ ਨੇ ਦੱਸਿਆ ਕਿ ਉਹ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰਕੇ ਹਰ ਸਾਲ ਕੁਝ ਟੂਰਨਾਮੈਂਟ ਵੀ ਕਰਾਉਣ ਲੱਗੇ ਹਨ ਪਰ ਮੈਦਾਨ ਨਾ ਹੋਣ ਕਰਕੇ ਉਨ੍ਹਾਂ ਨੂੰ ਖੇਤਾਂ ਵਿਚ ਫਸਲ ਵੱਢੇ ਜਾਣ ਦੀ ਉਡੀਕ ਕਰਨੀ ਪੈਂਦੀ ਹੈ।
ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਰਕਾਰ ਨੇ ਖੇਡ ਮੈਦਾਨ ਦਾ ਕੰਮ ਤੋਰਿਆ ਸੀ ਅਤੇ ਅਧਿਕਾਰੀਆਂ ਨੇ ਕੰਮ ਨੂੰ ਮੁੜ ਸ਼ੁਰੂ ਕਰਵਾ ਕੇ ਅਗਸਤ ਮਹੀਨੇ ਵਿਚ ਮੈਦਾਨ ਬਣਾ ਕੇ ਦੇਣ ਦਾ ਭਰੋਸਾ ਦਿੱਤਾ ਹੈ।
ਸਾਬਕਾ ਸਰਪੰਚ ਚਰਨਜੀਤ ਕੌਰ ਦੇ ਪਤੀ ਦਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਪਿੰਡ ਦੇ ਅੱਧੀ ਦਰਜਨ ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਂਟ ਚੜ੍ਹੇ ਹਨ ਜਿਨ੍ਹਾਂ ਦੀ ਉਮਰ 17 ਤੋਂ 30 ਸਾਲ ਹੈ ਪਰ ਖੇਡਾਂ ਦੇ ਰੁਝਾਨ ਨਾਲ ਆਈ ਤਬਦੀਲੀ ਨੇ ਇੱਕ ਆਸ ਦਿੱਤੀ ਹੈ। ਨਾਭਾ ਸਦਰ ਥਾਣਾ ਮੁਖੀ ਜਸਪ੍ਰੀਤ ਸਿੰਘ ਮੁਤਾਬਕ ਪੁਲੀਸ ਨੇ ਪਿੰਡ ਦੀ ਇੱਕ ਕਮੇਟੀ ਬਣਾ ਕੇ ਨਸ਼ੇ ਦੀ ਸਪਲਾਈ ਉੱਪਰ ਕਾਫੀ ਨੱਥ ਪਾਈ ਹੈ।
ਉਨ੍ਹਾਂ ਕਿਹਾ ਕਿ ੳਹ ਚਾਰ ਮਹੀਨੇ ਪਹਿਲਾਂ ਹੀ ਇਥੇ ਆਏ ਹਨ ਅਤੇ ਪਿੰਡ ਵਿਚ ਨਸ਼ਿਆਂ ਕਾਰਨ ਮੌਤਾਂ ਬਾਰੇ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਖੇਡ ਮੈਦਾਨ ਦਾ ਕੰਮ ਪੂਰਾ ਕਰਾਉਣ ਲਈ ਸਰਪੰਚ ਅਤੇ ਅਧਿਕਾਰੀਆਂ ਨੂੰ ਵਾਰੀ ਵਾਰੀ ਕਹਿ ਰਹੇ ਹਾਂ।
ਫੋਟੋ : ਮੈਹਸ ਪਿੰਡ ਵਿਖੇ ਖੇਡ ਮੈਦਾਨ ਦੀ ਹਾਲਤ ਦਿਖਾਉਂਦੇ ਪਿੰਡ ਦੇ ਨੌਜਵਾਨ

