ਪੱਤਰ ਪ੍ਰੇਰਕ
ਭਵਾਨੀਗੜ੍ਹ, 27 ਸਤੰਬਰ
ਇੱਥੋਂ ਨੇੜਲੇ ਪਿੰਡ ਮਾਝਾ ਦੇ ਹੱਡਾ ਰੋੜੀ ਨੂੰ ਲੈ ਕੇ ‘ਆਪ’ ਆਗੂ ਵਿਰੁੱਧ ਲੱਗੇ ਪੇਸੇ ਦੇ ਲੈਣ ਦੇਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਆਪ ਆਗੂ ਦਾ ਵਿਰੋਧ ਕਰ ਰਹੇ ਪਿੰਡ ਮਾਝਾ ਦੇ ਅਜੈਬ ਸਿੰਘ ਵੱਲੋਂ ਕਥਿਤ ਤੌਰ ’ਤੇ ਐਸ ਸੀ ਵਰਗ ਨਾਲ ਸਬੰਧਤ ਵਿਅਕਤੀ ਨੂੰ ਇਤਰਾਜ਼ਯੋਗ ਸ਼ਬਦ ਕਹੇ ਗਏ ਜਿਸ ਤੋਂ ਬਾਅਦ ਭਾਰਤੀ ਅੰਬੇਡਕਰ ਮਿਸ਼ਨ ਦੇ ਸੂਬਾ ਸਕੱਤਰ ਕ੍ਰਿਸ਼ਨ ਸਿੰਘ ਸੰਘੇੜਾ ਵੱਲੋਂ ਐਸ ਸੀ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ। ਸ੍ਰੀ ਸੰਘੇੜਾ ਨੇ ਕਿਹਾ ਕਿ ਕਈ ਦਿਨਾਂ ਤੋਂ ਕੁੱਝ ਚੈਨਲਾਂ ਅਤੇ ਸੋਸ਼ਲ ਮੀਡੀਆ ’ਤੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਝਾ ਦੀ ਇੱਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਅਜੈਬ ਸਿੰਘ ਜਨਤਕ ਤੌਰ ’ਤੇ ਐਸ ਸੀ ਵਰਗ ਦੇ ਵਿਅਕਤੀ ਨੂੰ ਇਤਰਾਜ਼ਯੋਗ ਸ਼ਬਦਾਂ ਨਾਲ ਸੰਬੋਧਨ ਕਰ ਰਿਹਾ ਹੈ।
ਐਸ ਸੀ ਕਮਿਸ਼ਨ ਪੰਜਾਬ ਦੀ ਮੈਂਬਰ ਪੂਨਮ ਕਾਂਗੜਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਹੈ, ਜਿਸ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।