ਗੁਰਦੁਆਰਾ ਵਿਵਾਦ ਭਖਿਆ, ਦੋ ਧੜੇ ਆਹਮੋ-ਸਾਹਮਣੇ
ਚੱਪੜ ਧੜੇ ਨੇ ਮਾਰਕੁੱਟ ਅਤੇ ਬੇਅਦਬੀ ਦੇ ਦੋਸ਼ ਲਾਏ; ਪੁਲੀਸ ਨੂੰ ਸ਼ਿਕਾਇਤ ਕੀਤੀ
ਰਾਜਪੁਰਾ ਦੇ ਕਾਲਕਾ ਰੋਡ ’ਤੇ ਸਥਿਤ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਕਬਜ਼ੇ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਵਿਵਾਦ ਭਖ ਗਿਆ ਹੈ। ਇੱਕ ਧੜੇ ਦੀ ਅਗਵਾਈ ਪਰਮਜੀਤ ਸਿੰਘ ਮਾਹੀ, ਜਦਕਿ ਦੂਜੇ ਧੜੇ ਦੀ ਅਗਵਾਈ ਰਾਜਿੰਦਰ ਸਿੰਘ ਚੱਪੜ ਕਰ ਰਹੇ ਹਨ। ਦੋਵਾਂ ਧਿਰਾਂ ਨੇ ਇੱਕ-ਦੂਜੇ ਖ਼ਿਲਾਫ਼ ਪੁਲੀਸ ਕੋਲ ਪਹੁੰਚ ਕੀਤੀ ਹੈ।
ਰਾਜਿੰਦਰ ਸਿੰਘ ਚੱਪੜ ਧੜੇ ਨੇ ਡੀ ਐੱਸ ਪੀ ਰਾਜਪੁਰਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ 26 ਮਾਰਚ ਨੂੰ ਗੁਰਦੁਆਰਾ ਸਾਹਿਬ ਵਿੱਚ ਹੋਈ ਮੀਟਿੰਗ ਦੌਰਾਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ; ਇਸ ਦੌਰਾਨ ਉਸ ਨਾਲ ਹੱਥੋਪਾਈ ਕੀਤੀ ਅਤੇ ਉਸ ਦੀ ਦਸਤਾਰ ਉਤਾਰੀ ਗਈ ਅਤੇ ਕੁੱਟਮਾਰ ਵੀ ਕੀਤੀ। ਇਸ ਘਟਨਾ ਵਿੱਚ ਕੁਲਦੀਪ ਸਿੰਘ ਸੁਹਰੋ ’ਤੇ ਵੀ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਚੱਪੜ ਧੜੇ ਨੇ ਆਪਣੇ ਮੰਗ ਪੱਤਰ ਵਿੱਚ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਦੇ ਦੋਸ਼ ਲਗਾਉਂਦਿਆਂ ਰਵਿੰਦਰ ਸਿੰਘ, ਪਰਮਜੀਤ ਸਿੰਘ, ਹਰਪਾਲ ਸਿੰਘ, ਜਸਵਿੰਦਰ ਪਾਲ ਅਤੇ ਰਜਵੰਤ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਰਾਜਿੰਦਰ ਸਿੰਘ ਚੱਪੜ ਸਮੇਤ ਮੀਤ ਪ੍ਰਧਾਨ ਜਸਵਿੰਦਰ ਸਿੰਘ ਰਿੰਕੂ, ਜਨਰਲ ਸਕੱਤਰ ਬਲਵੀਰ ਸਿੰਘ, ਖਜ਼ਾਨਚੀ ਸੁਖਵੀਰ ਸਿੰਘ, ਸਟੋਰ ਇੰਚਾਰਜ ਪ੍ਰਸ਼ੋਤਮ ਸਿੰਘ, ਚੇਅਰਮੈਨ ਗੋਪਾਲ ਗੌੜ, ਮਾਸਟਰ ਪ੍ਰੇਮ ਸਿੰਘ ਮੌਜੂਦ ਸਨ। ਦੂਜੇ ਪਾਸੇ ਮਾਹੀ ਧੜੇ ਨੇ ਚੱਪੜ ਧੜੇ ’ਤੇ ਦੋਸ਼ ਲਾਇਆ ਕਿ ਗੁਰਦੁਆਰੇ ਨਾਲ ਸਬੰਧਤ ਦੁਕਾਨਾਂ ’ਤੇ ਗ਼ੈਰ-ਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ ਅਤੇ ਦੁਕਾਨਾਂ ਘੱਟ ਕਿਰਾਏ ’ਤੇ ਚਾੜ੍ਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਅਤੇ ਰਾਜਿੰਦਰ ਸਿੰਘ ਚੱਪੜ ਇਸਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਹੀ ਧੜੇ ਨੇ ਕੱਲ੍ਹ ਚੱਪੜ ਧੜੇ ਖ਼ਿਲਾਫ਼ ਗੁਰਦੁਆਰਾ ਦਫ਼ਤਰ ’ਤੇ ਜਬਰੀ ਕਬਜ਼ੇ ਦੇ ਦੋਸ਼ ਲਾਉਂਦਿਆਂ ਕਾਲਕਾ ਰੋਡ ਜਾਮ ਕਰ ਦਿੱਤਾ ਸੀ ਅਤੇ ਚਪੜ ਧੜੇ ਖ਼ਿਲਾਫ਼ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਸੀ।

