ਅਕਾਲੀ ਸੋਚ ਨਾਲ ਜੁੜੇ ਵਰਗ ਮੁੜ ਇਕੱਠੇ ਹੋਣ ਲੱਗੇ: ਹਰਪ੍ਰੀਤ ਸਿੰਘ
ਪੰਥ ਨਾਲ ਗੱਦਾਰੀ ਕਰਨ ਵਾਲਿਆਂ ਤੋਂ ਸੂਬੇ ਨੂੰ ਮੁਕਤ ਕਰਵਾਉਣ ਦੀ ਭਾਵਨਾ ਮਜ਼ਬੂਤ ਹੋਈ
ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਕਾਲੀ ਵਿਚਾਰਧਾਰਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਨੂੰ ਸੰਗਤ ਪਛਾਣ ਚੁੱਕੀ ਹੈ। ਸਿੱਖ ਪੰਥ ਅੰਦਰ ਇਹ ਭਾਵਨਾ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਕਿ ਪੰਥ ਨਾਲ ਗੱਦਾਰੀ ਕਰਨ ਅਤੇ ਪੰਥਕ ਹਿੱਤਾਂ ਨੂੰ ਢਾਹ ਲਾਉਣ ਵਾਲੀ ਸੋਚ ਤੋਂ ਪੰਜਾਬ ਨੂੰ ਮੁਕਤ ਕਰਵਾਇਆ ਜਾਵੇ। ਗਿਆਨੀ ਹਰਪ੍ਰੀਤ ਸਿੰਘ ਪਾਰਟੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਭਰ ਵਿੱਚ ਅਕਾਲੀ ਸੋਚ ਨਾਲ ਜੁੜੇ ਵਰਗ ਮੁੜ ਇਕੱਠੇ ਹੋ ਰਹੇ ਹਨ ਅਤੇ ਪੰਥ ਹਿਤੈਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਮਜ਼ਬੂਤ, ਭਰੋਸੇਯੋਗ ਤੇ ਸਿਧਾਂਤਕ ਬਦਲ ਵਜੋਂ ਉਭਰੇਗਾ। ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਏ ਬੇਮਿਸਾਲ ਇਕੱਠ ਇਸ ਗੱਲ ਦਾ ਸਬੂਤ ਹਨ ਕਿ ਲੋਕ ਪੰਜਾਬ ਵਿੱਚ ਨਵਾਂ ਸਿਆਸੀ ਬਦਲ ਚਾਹੁੰਦੇ ਹਨ।
ਇਸ ਮੌਕੇ ਐੱਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਰਾਮਪਾਲ ਸਿੰਘ ਬਹਿਣੀਵਾਲ, ਰਿਪਦੁਮਨ ਸਿੰਘ ਢਿੱਲੋਂ, ਤੇਜਾ ਸਿੰਘ ਕਮਾਲਪੁਰ, ਮਲਕੀਤ ਸਿੰਘ ਚੰਗਾਲ, ਕੇਵਲ ਸਿੰਘ ਜਲਾਣ, ਗੁਰਮੀਤ ਸਿੰਘ ਜੌਹਲ, ਜਥੇਦਾਰ ਇੰਦਰਜੀਤ ਸਿੰਘ ਤੁਰ, ਜਥੇਦਾਰ ਅਜੈਬ ਸਿੰਘ ਗਹਿਲਾਂ, ਤਰਸੇਮ ਸਿੰਘ ਕਾਲਾ ਨਾਗਰਾ, ਜਸ਼ਨ ਗਰੇਵਾਲ, ਜ਼ਿਲ੍ਹਾ ਆਗੂ, ਵਰਕਰ ਤੇ ਪੰਚ-ਸਰਪੰਚ ਮੌਜੂਦ ਸਨ।

