ਪੰਜਾਬ ’ਚ ਕਰੋਨਾ ’ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ: ਚੀਮਾ

ਪੰਜਾਬ ’ਚ ਕਰੋਨਾ ’ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ: ਚੀਮਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

ਗੁਰਦੀਪ ਸਿੰਘ ਲਾਲੀ
ਸੰਗਰੂਰ, 7 ਅਗਸਤ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਤੋਂ ਕਰੋਨਾ ’ਤੇ ਹੁਣ ਤੱਕ ਹੋਏ ਸਾਰੇ ਖਰਚਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਸੂਬੇ ਅੰਦਰ ਵਧ ਰਹੇ ਕਰੋਨਾ ਕੇਸਾਂ ਬਾਰੇ ਡੂੰਘੀ ਚਿੰਤਾ ਜਤਾਉਂਦੇ ਹੋਏ ਕਿਹਾ ਕਿ 4 ਮਹੀਨਿਆਂ ’ਚ ਕਰੋਨਾ ਮਹਾਂਮਾਰੀ ਨੂੰ ਕਾਬੂ ਕਰਨ ’ਚ ਅਮਰਿੰਦਰ ਸਿੰਘ ਸਰਕਾਰ ਫਲਾਪ ਸਿੱਧ ਹੋਈ ਹੈ। ਸ੍ਰੀ ਚੀਮਾ ਇਥੇ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਗਾਤਾਰ ਦੂਜੇ ਦਿਨ ਇੱਕ ਹਜ਼ਾਰ ਤੋਂ ਵਧ ਨਵੇਂ ਕਰੋਨਾ ਪਾਜੇਟਿਵ ਕੇਸਾਂ ਦਾ ਆਉਣਾ ਜਿੱਥੇ ਵੱਡੇ ਖ਼ਤਰੇ ਦੇ ਸੰਕੇਤ ਹਨ, ਉੱਥੇ ਪੰਜਾਬ ਸਰਕਾਰ ਦੇ ਕਰੋਨਾ ਬਾਰੇ ਪ੍ਰਬੰਧਾਂ ਦੀ ਬੁਰੀ ਤਰਾਂ ਪੋਲ ਖੁੱਲ੍ਹ ਰਹੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਰਾਜਾ ਸਾਹਿਬ (ਮੁੱਖ ਮੰਤਰੀ) 300 ਕਰੋੜ ਰੁਪਏ ਤੋਂ ਵੱਧ ਰਾਸ਼ੀ ਕਰੋਨਾ ਮਹਾਂਮਾਰੀ ਨੂੰ ਕਾਬੂ ਕਰਨ ’ਤੇ ਖ਼ਰਚ ਕੀਤੇ ਜਾਣ ਦੇ ਦਾਅਵੇ ਕਰ ਰਹੇ ਹਨ, ਪਰ ਖ਼ਰਚੇ ਕਿੱਥੇ ਹਨ ? ਪੰਜਾਬ ਦੇ ਲੋਕ ਇਨ੍ਹਾਂ ਭਾਰੀ ਭਰਕਮ ਖ਼ਰਚਿਆਂ ਦਾ ਹਿਸਾਬ ਮੰਗਦੇ ਹਨ। ਇਸ ਲਈ ਕਰੋਨਾ ਲਈ ਹੁਣ ਤੱਕ ਲੋਕਾਂ ਵੱਲੋਂ ਦਾਨ ਕੀਤੀ ਕੁੱਲ ਰਾਸ਼ੀ ਤੇ ਸਰਕਾਰ ਵੱਲੋਂ ਕੁੱਲ ਤੇ ਕਿੱਥੇ, ਕਿੰਨਾ-ਕਿੰਨਾ ਖ਼ਰਚ ਕੀਤਾ ਗਿਆ ਹੈ, ਇਸ ਬਾਰੇ ਤੁਰੰਤ ਵਾਈਟ ਪੇਪਰ ਜਾਰੀ ਕੀਤਾ ਜਾਵੇ। ਉਨ੍ਹਾਂ ਪਟਿਆਲਾ ਦੇ ਸਰਕਾਰੀ ਹਸਪਤਾਲ ’ਚ ਇੱਕ ਕਰੋਨਾ ਪੀੜਤ ਮਰੀਜ਼ ਦੀ ਮ੍ਰਿਤਕ ਦੇਹ 11 ਘੰਟੇ ਫ਼ਰਸ਼ ’ਤੇ ਪਏ ਰਹਿਣਾ, ਲੁਧਿਆਣਾ ’ਚ ਇੱਕ ਕਰੋਨਾ ਪੀੜਤ ਕਾਰੋਬਾਰੀ ਦੀ ਬੈੱਡ ਦੀ ਭਾਲ ਦੌਰਾਨ ਮੌਤ ਹੋ ਜਾਣੀ, ਤਰਨਤਾਰਨ ’ਚ ਕਰੋਨਾ ਪੀੜਤ ਮਰੀਜ਼ ਵੱਲੋਂ ਖਟਾਰਾ ਐਂਬੂਲੈਂਸ ’ਚ ਚੜ੍ਹਨ ਤੋਂ ਇਨਕਾਰ ਕਰ ਦੇਣਾ ਤੇ ਬਠਿੰਡਾ, ਬਰਨਾਲਾ ਆਦਿ ਸ਼ਹਿਰਾਂ ’ਚ ਕਰੋਨਾ ਕੇਅਰ ਸੈਂਟਰਾਂ ਦੀ ਅਤਿ ਤਰਸਯੋਗ ਹਾਲਤ ਹੋਣ ਆਦਿ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਰਕਾਰ ਦੇ ਪ੍ਰਬੰਧਾਂ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੇ 450 ਤੋਂ ਵੱਧ ਜ਼ਵਾਨਾਂ ਦੇ ਕਰੋਨਾ ਪਾਜ਼ੇਟਿਵ ਆਉਣ ਦੇ ਬਾਵਜੂਦ ਪੰਜਾਬ ਪੁਲੀਸ ਦੇ ਡੀਜੀਪੀ ਵੱਲੋਂ ਪੁਲੀਸ ਫੋਰਸ ਦੇ ਵੱਡੇ ਪੱਧਰ ’ਤੇ ਕਰੋਨਾ ਟੈਸਟ ਕਰਾਉਣ ਤੋਂ ਭੱਜਣਾ ਗੈਰ ਜ਼ਿੰਮੇਵਾਰਨਾ ਤੇ ਮੰਦਭਾਗਾ ਕਦਮ ਹੈ। ਚੀਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਦੇਸ਼ ’ਚ ਸਭ ਤੋਂ ਵਧ (ਪ੍ਰਤੀ 10 ਲੱਖ) ਟੈੱਸਟ ਕਰਾਉਣ ਸਮੇਤ 10 ਵੱਡੇ ਕਦਮ ਉਠਾ ਕੇ ਪੂਰੇ ਦੇਸ਼ ਨੂੰ ਕਾਮਯਾਬ ਮਾਡਲ ਦਿੱਤਾ ਹੈ ਪਰ ਪੰਜਾਬ ’ਚ ਕਰੋਨਾ ਕੇਅਰ ਸੈਂਟਰ ਖ਼ੁਦ ਵੈਂਟੀਲੇਟਰ ’ਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All