ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਲਈ ਸਰਕਾਰ ਯਤਨਸ਼ੀਲ: ਗੌਰਵ
ਗਿਣਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਅਧਿਕਾਰੀਅਾਂ ਨਾਲ ਮੀਟਿੰਗ
ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਵੱਲੋਂ ਘੱਟ ਗਿਣਤੀ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਥਾਨਕ ਨਗਰ ਕੌਂਸਲ ਦੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸਾਈ ਭਾਈਚਾਰੇ ਦੀਆਂ ਕਬਰਾਂ ਲਈ ਵੱਖਰੇ ਸਥਾਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਬਰਸਤਾਨਾਂ ਦੀ ਸਾਫ਼ ਸਫ਼ਾਈ, ਸੁੰਦਰੀਕਰਨ, ਕਬਰਸਤਾਨਾਂ ਨੂੰ ਜਾਂਦੇ ਰਸਤਿਆਂ ਨੂੰ ਸਾਫ਼ ਕਰਨ ਦੇ ਨਾਲ ਉਨ੍ਹਾਂ ਨੂੰ ਪੱਕਾ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਚੇਅਰਮੈਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਨੂੰ ਹਰ ਪੱਧਰ ’ਤੇ ਬਰਾਬਰੀ ਦੇ ਅਧਿਕਾਰ ਮਿਲਣ ਤੇ ਉਨ੍ਹਾਂ ਦੀਆਂ ਸਮਾਜਿਕ ਤੇ ਧਾਰਮਿਕ ਜ਼ਰੂਰਤਾਂ ਦਾ ਸਨਮਾਨ ਕਰਨਾ ਪੰਜਾਬ ਸਰਕਾਰ ਦੀ ਪਹਿਲ ਹੈ। ਇਸ ਮੌਕੇ ਮੁਬਾਰਕ ਮੰਜ਼ਿਲ ਪੈਲੇਸ ਦੇ ਰੱਖ ਰਖਾਅ, ਨਵੀਨੀਕਰਨ, ਹਿਬਾਨਾਮਾ ਮੁੜ ਤੋਂ ਚਾਲੂ ਕਰਵਾਉਣ ਸਬੰਧੀ, ਵਕਫ਼ ਪ੍ਰਾਪਰਟੀਆਂ ਸਬੰਧੀ, ਮਸੀਹ ਭਾਈਚਾਰੇ ਲਈ ਵੱਖਰੇ ਕਮਿਊਨਿਟੀ ਸੈਂਟਰ, ਬਿਹਤਰ ਸਿਹਤ, ਤਕਨੀਕੀ ਸਿੱਖਿਆ, ਮਸੀਹ ਭਾਈਚਾਰੇ ਲਈ ਕਬਰਸਤਾਨ, ਇੰਤਕਾਲਾਂ ਦੇ ਨਿਪਟਾਰੇ ਆਦਿ ਸਬੰਧੀ ਮੰਗਾਂ/ਸਮੱਸਿਆ ਚੇਅਰਮੈਨ ਕੋਲ ਰੱਖੀਆਂ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਵੀ ਸੁਣੀਆਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਦੇ ਹੱਲ ਲਈ ਮੌਕੇ ’ਤੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਿੱਧਾ ਸਰਕਾਰੀ ਪੱਧਰ ’ਤੇ ਕਾਰਵਾਈ ਯਕੀਨੀ ਬਣਾਵੇਗਾ।

