Government Primary School: ਪ੍ਰਾਇਮਰੀ ਸਕੂਲਾਂ ਦੇ ਰਲੇਵੇਂ ਖ਼ਿਲਾਫ਼ ਡਟੇ ਪਿੰਡ ਵਾਸੀ
ਪਿੰਡ ਬੇਨੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2 ਵਿੱਚ ਤਬਦੀਲ/ਮਰਜ਼ ਕਰਨ ਦੇ ਫ਼ੈਸਲੇ ਖ਼ਿਲਾਫ਼ ਪਿੰਡ ਬੇਨੜਾ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਜਦੋਂ ਤੱਕ ਨਵੀਂ ਇਮਾਰਤ ਤਿਆਰ...
ਪਿੰਡ ਬੇਨੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2 ਵਿੱਚ ਤਬਦੀਲ/ਮਰਜ਼ ਕਰਨ ਦੇ ਫ਼ੈਸਲੇ ਖ਼ਿਲਾਫ਼ ਪਿੰਡ ਬੇਨੜਾ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮਿਲਿਆ। ਵਫ਼ਦ ਨੇ ਮੰਗ ਕੀਤੀ ਕਿ ਜਦੋਂ ਤੱਕ ਨਵੀਂ ਇਮਾਰਤ ਤਿਆਰ ਨਹੀਂ ਹੁੰਦੀ, ਉਦੋਂ ਤੱਕ ਸਕੂਲ ਨੂੰ ਧਰਮਸ਼ਾਲਾ ਵਿੱਚ ਹੀ ਚਲਾਇਆ ਜਾਵੇ ਅਤੇ ਕਿਸੇ ਵੀ ਕੀਮਤ ’ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 2 ਵਿੱਚ ਤਬਦੀਲ ਜਾਂ ਮਰਜ ਨਾ ਕੀਤਾ ਜਾਵੇ।
ਵਫ਼ਦ ਵਿੱਚ ਸ਼ਾਮਲ ਸਤਿਗੁਰ ਰਵਿਦਾਸ, ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਦੇ ਆਗੂਆਂ ਬਲਾਕ ਸਮਿਤੀ ਮੈਂਬਰ ਦਲਬਾਰ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ, ਮਿਸਤਰੀ ਰਾਮ ਸਿੰਘ, ਪ੍ਰਧਾਨ ਮਾਸਟਰ ਰਾਮ ਸਿੰਘ ਅਤੇ ਮੀਤ ਪ੍ਰਧਾਨ ਹਰਦੀਪ ਸਿੰਘ ਬੇਨੜਾ ਨੇ ਕਿਹਾ ਕਿ ਸਕੂਲ ਦੀ ਮੌਜੂਦਾ ਥਾਂ ਸਿਰਫ਼ ਛੇ ਵਿੱਸਵੇ ਹੈ, ਜੋ ਬੱਚਿਆਂ ਲਈ ਖੁੱਲ੍ਹਾ ਅਤੇ ਮਿਆਰੀ ਸਕੂਲ ਬਣਾਉਣ ਲਈ ਨਾਕਾਫ਼ੀ ਹੈ। ਬੱਚੇ ਇੱਕ ਸਾਲ ਤੋਂ ਧਰਮਸ਼ਾਲਾ ਵਿੱਚ ਪੜ੍ਹ ਰਹੇ ਹਨ ਪਰ ਸਰਕਾਰ ਨੇ ਨਵੀਂ ਇਮਾਰਤ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ। ਬੱਚਿਆਂ ਦਾ ਭਵਿੱਖ ਕਿਸੇ ਵੀ ਹਾਲਤ ਵਿੱਚ ਦਾਅ ’ਤੇ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ ਸਕੂਲ ਨੂੰ ਤਬਦੀਲ ਜਾਂ ਮਰਜ ਕਰਨ ਦੀ ਹਰ ਕੋਸ਼ਿਸ਼ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਏ ਡੀ ਸੀ ਵਿਕਾਸ 6 ਜੁਲਾਈ ਨੂੰ ਪਿੰਡ ਬੇਨੜਾ ਪੁੱਜ ਕੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਦੀ ਮੌਜੂਦਾ ਥਾਂ ਦਾ ਮੌਕਾ ਦੇਖਣਗੇ ਅਤੇ ਇਹ ਜਾਇਜ਼ਾ ਲੈਣਗੇ ਕਿ ਉੱਥੇ ਨਵੀਂ ਸਕੂਲ ਇਮਾਰਤ ਬਣਾਈ ਜਾ ਸਕਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਏ ਡੀ ਸੀ ਪਿੰਡ ਨਾ ਪੁੱਜੇ ਤਾਂ ਪਿੰਡ ਵਾਸੀ ਧੂਰੀ ਵਿੱਚ ਮੁੱਖ ਮੰਤਰੀ ਦਫ਼ਤਰ ਅੱਗੇ ਪ੍ਰਦਰਸ਼ਨ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਖਸਰਾ ਨੰਬਰ 527 ਸ਼ਾਮਲਾਤ ਜ਼ਮੀਨ ’ਚ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 1 ਦੀ ਨਵੀਂ ਵਿਸ਼ਾਲ ਇਮਾਰਤ, ਅੰਬੇਡਕਰ ਭਵਨ ਅਤੇ ਬੱਚਿਆਂ ਤੇ ਬਜ਼ੁਰਗਾਂ ਲਈ ਪਾਰਕ ਬਣਾਇਆ ਜਾਵੇ। ਵਫ਼ਦ ਵਿੱਚ ਅਮਰਜੀਤ ਸਿੰਘ, ਸਤਿਗੁਰ ਸਿੰਘ, ਲਖਵਿੰਦਰ ਸਿੰਘ, ਗਿੰਦਰ ਸਿੰਘ ਅਤੇ ਜਗਤਾਰ ਸਿੰਘ ਸ਼ਾਮਲ ਸਨ।
