Government Pensioners Welfare Association: ਪੈਨਸ਼ਨਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ
ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਨੀਤੀਆਂ ਅਤੇ ਮੰਗਾਂ ਸਬੰਧੀ ਅਪਣਾਈ ਟਾਲ-ਮਟੋਲ ਦੀ ਨੀਤੀ ਖ਼ਿਲਾਫ਼ ਰੋਸ ਮਾਰਚ ਅਤੇ ਰੈਲੀ ਕੀਤੀ ਗਈ। ਇਸ ਦੀ ਅਗਵਾਈ ਯੂਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਸਰਪ੍ਰਸਤ ਜੀਤ ਸਿੰਘ...
ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਸੰਗਰੂਰ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਪ੍ਰਤੀ ਨੀਤੀਆਂ ਅਤੇ ਮੰਗਾਂ ਸਬੰਧੀ ਅਪਣਾਈ ਟਾਲ-ਮਟੋਲ ਦੀ ਨੀਤੀ ਖ਼ਿਲਾਫ਼ ਰੋਸ ਮਾਰਚ ਅਤੇ ਰੈਲੀ ਕੀਤੀ ਗਈ। ਇਸ ਦੀ ਅਗਵਾਈ ਯੂਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਸਰਪ੍ਰਸਤ ਜੀਤ ਸਿੰਘ ਢੀਂਡਸਾ, ਚੇਅਰਮੈਨ ਜੰਟ ਸਿੰਘ ਸੋਹੀਆਂ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਵਿੱਤ ਸਕੱਤਰ ਲਾਭ ਸਿੰਘ ਵੱਲੋਂ ਕੀਤੀ ਗਈ।
ਸਥਾਨਕ ਡੀ ਸੀ ਕੰਪਲੈਕਸ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਯੂਨਿਟ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਬਜਾਇ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਅਦਾਲਤ ਵੱਲੋਂ ਕੀਤੇ ਫ਼ੈਸਲੇ ਮੁਤਾਬਕ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਏ ਤੁਰੰਤ ਜਾਰੀ ਕੀਤੇ ਜਾਣ।
ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਸਟੇਟ ਪੈਨਸ਼ਨਰ ਕਨਫੈੱਡਰੇਸ਼ਨ ਦੇ ਮੁੱਖ ਬੁਲਾਰੇ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਇਸ ਸਰਕਾਰ ਨੂੰ ਹੋਂਦ ਵਿੱਚ ਆਇਆਂ ਸਵਾ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਸਰਕਾਰ ਨੇ ਵਿਧਾਨ ਸਭਾ ਚੋਣਾਂ ਸਮੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ। ਪੈਨਸ਼ਨਰਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੀ ਪੂਰਤੀ ਕਰਨ ਦੀ ਬਜਾਇ ਹੱਕ ਮੰਗ ਰਹੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਲਾਠੀਚਾਰਜ ਕਰ ਕੇ ਸੰਘਰਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦਾ ਹਰਜਾਨਾ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
ਇਸ ਮੌਕੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਆਰ ਐੱਲ ਪਾਂਧੀ, ਸਰਪ੍ਰਸਤ ਜੀਤ ਸਿੰਘ ਢੀਂਡਸਾ, ਹਰਵਿੰਦਰ ਸਿੰਘ ਭੱਠਲ, ਗੁਰਤੇਜ ਸਿੰਘ ਲੂੰਬਾ ਅਤੇ ਸੱਤਪਾਲ ਸਿੰਗਲਾ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕਰਦੇ ਹੋਏ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਪੈਨਸ਼ਨਰ ਆਗੂ ਜਸਬੀਰ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਸੋਢੀ, ਲਾਲ ਚੰਦ ਸੈਣੀ, ਅਸ਼ੋਕ ਕੁਮਾਰ ਡੱਲਾ, ਰਾਜ ਕੁਮਾਰ ਬਾਂਸਲ, ਪੀ ਸੀ ਬਾਘਾ, ਰਾਜ ਸਿੰਘ ਮੰਗਵਾਲ, ਗਿਰਧਾਰੀ ਲਾਲ, ਤੇਜਾ ਸਿੰਘ, ਬਲਦੇਵ ਸਿੰਘ ਰਤਨ ਆਦਿ ਮੌਜੂਦ ਸਨ।
ਡੀ ਏ ਜਾਰੀ ਕਰਨ ਦੀ ਮੰਗ
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਇਕਾਈ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਚੇਅਰਮੈਨ ਕ੍ਰਿਸ਼ਨ ਕੁਮਾਰ, ਜਰਨਲ ਸਕੱਤਰ ਕਸਮੀਰ ਸਿੰਘ ਰੋੜੇਵਾਲਾ, ਸਰਪ੍ਰਸਤ ਗੁਰਜੰਟ ਸਿੰਘ ਦਿੜਬਾ ਅਤੇ ਅਜੀਤ ਸਿੰਘ ਕੌਹਰੀਆ ਦੀ ਅਗਵਾਈ ਹੇਠ ਹੋਈ। ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦਾ ਡੀ ਏ ਦੇਣ ਤੋਂ ਕੀਤੀ ਜਾ ਰਹੀ ਟਾਲ-ਮਟੋਲ ਦੀ ਨਿਖੇਧੀ ਕੀਤੀ। ਆਗੂਆਂ ਨੇ ਵਿਰੋਧੀ ਧਿਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪੱਖ ਰੱਖਣ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਪੈਨਸ਼ਨਰਾਂ ਨੂੰ ਤੁਰੰਤ ਮਹਿੰਗਾਈ ਭੱਤੇ ਸਣੇ ਬਕਾਇਆ ਜਾਰੀ ਕਰੇ। ਮੀਟਿੰਗ ਵਿੱਚ ਨਾਇਬ ਸਿੰਘ ਰਟੋਲਾਂ, ਜਗਬੰਤ ਸਿੰਘ ਬੂਰੜ, ਗੁਰਦੀਪ ਸਿੰਘ ਮੌੜ, ਭੂਰਾ ਸਿੰਘ ਗੁੱਜਰਾਂ, ਰਾਜ ਕੁਮਾਰ ਪਾਤੜਾਂ, ਹਰਪਾਲ ਸਿੰਘ ਆਦਿ ਬੁਲਾਰਿਆਂ ਨੇ ਤਕਨੀਕੀ ਮੁੱਦੇ ਸਾਂਝੇ ਕੀਤੇ। ਮੰਚ ਦਾ ਸੰਚਾਲਣ ਜਤਿੰਦਰ ਭਾਰਦਵਾਜ ਨੇ ਕੀਤਾ। ਇਸ ਮੌਕੇ ਜਸਪਾਲ ਸਿੰਘ ਪਾਲਾ, ਘੂਕਾ ਸਿੰਘ ਕੈਸ਼ੀਅਰ, ਗੁਲਜਾਰ ਸਿੰਘ, ਧਰਮਪਾਲ ਦਿੜ੍ਹਬਾ, ਪ੍ਰਸ਼ੋਤਮ ਲਾਲ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

