ਸਰਕਾਰ ’ਤੇ ਅਧਿਆਪਕਾ ਦੀ ਸਾਰ ਨਾ ਲੈਣ ਦਾ ਦੋਸ਼
ਚੋਣ ਡਿਊਟੀ ਦੌਰਾਨ ਹਾਦਸੇ ਵਿੱਚ ਜ਼ਖ਼ਮੀ ਹੋ ਗੲੀ ਸੀ ਰਾਜਵੀਰ ਕੌਰ; ਡੀ ਟੀ ਐੱਫ ਆਗੂਆਂ ਘਰ ਪੁੱਜ ਕੇ ਹਾਲ-ਚਾਲ ਜਾਣਿਆ
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਚੋਣ ਡਿਊਟੀ ਜਾਂਦਿਆਂ ਹਾਦਸਿਆਂ ਦਾ ਸ਼ਿਕਾਰ ਹੋਏ ਮੁਲਜ਼ਮਾਂ ਦੀ ਸਾਰ ਨਾ ਲੈਣ ਦਾ ਦੋਸ਼ ਲਾਇਆ ਹੈ ਅਤੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਮੇਘ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੌਰਾਨ ਡਿਊਟੀ ’ਤੇ ਜਾਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਜਗਤ ਸਿੰਘ ਵਾਲਾ ਸੁਨਾਮ ਵਿੱਚ ਸੇਵਾ ਨਿਭਾਅ ਰਹੀ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਕਾਰ ਰਜਵਾਹੇ ਵਿਚ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ ਸੀ, ਜਿਸਦਾ ਪਟਿਆਲਾ ਦੇ ਨਿੱਜੀ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਅਧਿਆਪਕਾ ਰਾਜਵੀਰ ਕੌਰ ਦੇ ਘਰ ਪੁੱਜ ਕੇ ਹਾਲ ਚਾਲ ਜਾਣਿਆ। ਡੀਟੀਐੱਫ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ 14 ਦਸੰਬਰ ਤੋਂ ਰਾਜਵੀਰ ਕੌਰ ਪੀੜਤ ਹਨ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਹਾਲੇ ਤੱਕ ਉਨਾਂ ਦਾ ਹਾਲ-ਚਾਲ ਵੀ ਨਹੀਂ ਪੁੱਛਿਆ। ਉਨ੍ਹਾਂ ਦੱਸਿਆ ਕਿ 16 ਦਸੰਬਰ ਅਤੇ 23 ਦਸੰਬਰ ਨੂੰ ਸਮੂਹ ਜਥੇਬੰਦੀਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਸੀ ਕਿ ਜ਼ਖਮੀਂ ਅਧਿਆਪਕਾ ਦਾ ਇਲਾਜ ਕਰਵਾਇਆ ਜਾਵੇ, 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮੌਕੇ ਰਾਜ ਸੈਣੀ, ਰਮਨ ਲਹਿਰਾ, ਮਨਜੀਤ ਸਿੰਘ, ਅਮਨਦੀਪ ਕੌਰ ਅਤੇ ਪੀੜਤ ਪਰਿਵਾਰ ਵਿੱਚੋਂ ਅਧਿਆਪਕਾ ਰਾਜਵੀਰ ਕੌਰ ਦੇ ਭਰਾ ਮੱਖਣ ਸਿੰਘ, ਪਤੀ ਮਲਕੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ ਵੀ ਮੌਜੂਦ ਸਨ।

