ਨਿੱਜੀ ਪੱਤਰ ਪ੍ਰੇਰਕ
ਧੂਰੀ, 24 ਜਨਵਰੀ
ਸੰਗਰੂਰ-ਲੁਧਿਆਣਾ ਮੁੱਖ ਮਾਰਗ ’ਤੇ ਸਥਿਤ ਲੱਡਾ ਟੌਲ ਪਲਾਜ਼ਾ ਮਾਮਲੇ ਵਿੱਚ ਅੱਜ ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਜ਼ਿਲ੍ਹਾ ਕਚਿਹਰੀ ਸੰਗਰੂਰ ਦੀ ਅਦਾਲਤ ਵਿੱਚ ਪੇਸ਼ੀ ਭੁਗਤੀ।
ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਕਿਹਾ ਕਿ ਟੌਲ ਪਲਾਜ਼ਾ ਲੱਡਾ ਦੇ ਬਰਾਬਰ ਸੜਕ ਬਣਾਉਣ ਕਾਰਨ ਉਨ੍ਹਾਂ ਖ਼ਿਲਾਫ਼ ਟੌਲ ਪਲਾਜ਼ਾ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਸੱਤ ਕੇਸ ਕੀਤੇ ਹੋਏ ਹਨ, ਜਿਨ੍ਹਾਂ ਵਿੱਚ ਉਹ ਅਦਾਲਤ ਦਾ ਸਨਮਾਨ ਕਰਦਿਆਂ ਪੇਸ਼ੀਆਂ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਟੌਲ ਪਲਾਜ਼ਾ ਲੱਡਾ ਦੇ ਬਰਾਬਰ ਸੜਕ ਬਣਵਾ ਕੇ ਇਲਾਕੇ ਦੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਪੈਣ ਤੋਂ ਬਚਾਇਆ ਹੈ। ਉਨ੍ਹਾਂ ਕਿਹਾ ਕਿ ਟੌਲ ਪਲਾਜ਼ਾ ਕੰਪਨੀ ਵੱਲੋਂ ਨਹਿਰੀ ਪੱਟੜੀ ’ਤੇ ਟੌਲ ਬੂਥ ਰੱਖਦਿਆਂ ਟੌਲ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਨ੍ਹਾਂ ਨੇ ਟੌਲ ਕੰਪਨੀ ਦੇ ਇਨ੍ਹਾਂ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਸੀ ਜਿਸ ਕਾਰਨ ਟੌਲ ਕੰਪਨੀ ਨੇ ਉਨ੍ਹਾਂ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ।