Patiala: ਬੋਲੈਰੋ ਪਲਟਣ ਕਾਰਨ ਬੱਚੀ ਦੀ ਮੌਤ
25 ਸ਼ਰਧਾਲੂ ਜ਼ਖ਼ਮੀ; ਆਲੋਵਾਲ ਵਿੱਚ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਲਈ ਜਾ ਰਹੀ ਸੀ ਸੰਗਤ
ਭਾਦਸੋਂ ਨੇੜੇ ਸਥਿਤ ਪਿੰਡ ਆਲੋਵਾਲ ਵਿੱਚ ਧਾਰਮਿਕ ਸਮਾਗਮ ’ਤੇ ਜਾ ਰਹੀ ਸੰਗਤ ਵਾਲੀ ਬੋਲੈਰੋ ਗੱਡੀ ਪਲਟ ਗਈ। ਇਸ ਦੌਰਾਨ ਛੇ ਸਾਲਾਂ ਬੱਚੀ ਦੀ ਮੌਤ ਹੋ ਗਈ ਜਦਕਿ 25 ਦੇ ਕਰੀਲ ਸ਼ਰਧਾਲੂ ਜ਼ਖ਼ਮੀ ਹੋ ਗਏ।
ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤ ਦੇ ਰੂਪ ’ਚ 25 ਦੇ ਕਰੀਬ ਸ਼ਰਧਾਲੂ ਬੋਲੈਰੋ ਗੱਡੀ ਰਾਹੀਂ ਭਾਦਸੋਂ ਕੋਲ਼ ਸਥਿਤ ਆਲੋਵਾਲ ਪਿੰਡ ਵਿਚਲੇ ਸਮਾਗਮ ’ਚ ਸ਼ਾਮਲ ਹੋਣ ਲਈ ਆ ਰਹੇ ਸਨ ਪਰ ਭਾਦਸੋਂ ਥਾਣੇ ਦੇ ਪਿੰਡ ਰਾਇਮਲ ਮਾਜਰੀ ਕੋਲ ਮੋੜ ’ਤੇ ਤਵਾਜ਼ਨ ਵਿਗੜਨ ਕਰਕੇ ਗੱਡੀ ਪਲਟ ਗਈ। ਇਸ ਦੌਰਾਨ ਨਵਪ੍ਰੀਤ ਕੌਰ ਨਾਮ ਦੀ ਛੇ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ 25 ਜਣੇ ਫੱਟੜ ਹੋ ਗਏ। ਇਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ’ਚ 11 ਸਾਲਾ ਸੀਰਤ ਨਾਮੀ ਬੱਚੀ ਸਮੇਤ ਮਨਜੀਤ ਕੌਰ, ਮਲਕੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ,ਰਾਜਪਾਲ ਸਿੰਘ, ਹੀਰਾ ਸਿੰਘ, ਕੁਲਵੰਤ ਕੌਰ ਅਤੇ ਮੇਜਰ ਸਿੰਘ ਸ਼ਾਮਲ ਹਨ। ਘਟਨਾ ਦਾ ਪਤਾ ਲੱਗਣ ’ਤੇ ਇਲਾਕੇ ਦੇ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਸਮੇਤ ਹੋਰਨਾਂ ਨੇ ਜ਼ਖ਼ਮੀਆਂ ਨੂੰ ਪਟਿਆਲਾ ਹਸਪਤਾਲ ਪਹੁੰਚਾਇਆ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਰਾਜਿੰਦਰਾ ਹਸਪਾਤਲ ਜਾ ਕੇ ਜ਼ਖ਼ਮੀਆਂ ਦਾ ਹਾਲ-ਚਾਲ ਜਾਣਿਆ ਅਤੇ ਫੌਤ ਹੋਈ ਬੱਚੇ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਦਿਲਾਸਾ ਦਿੱਤਾ।
ਟਰੱਕ ਦੀ ਲਪੇਟ ’ਚ ਆਉਣ ਕਾਰਨ ਔਰਤ ਦੀ ਮੌਤ
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਨਵੇਂ ਬੱਸ ਅੱਡੇ ਨੇੜੇ ਅੱਜ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਨੇਹਾ ਸਿੰਗਲਾ ਵਾਸੀ ਭਵਾਨੀਗੜ੍ਹ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਵਿਜੈ ਕੁਮਾਰ ਸਿੰਗਲਾ ਨੇ ਥਾਣਾ ਭਵਾਨੀਗੜ੍ਹ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਅੱਜ ਦੁਪਹਿਰ ਵੇਲੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਸ ਦੀ ਪਤਨੀ ਨੇਹਾ ਸਿੰਗਲਾ ਘਰ ਵੱਲ ਪੈਦਲ ਜਾ ਰਹੀ ਸੀ ਤੇ ਥੋੜ੍ਹੀ ਵਿੱਥ ਨਾਲ ਉਹ ਖੁਦ ਵੀ ਘਰ ਵੱਲ ਜਾ ਰਿਹਾ ਸੀ। ਨਵੇਂ ਬੱਸ ਸਟੈਂਡ ਨੇੜੇ ਮੁੱਖ ਮਾਰਗ ’ਤੇ ਟਰੱਕ ਨੇ ਨੇਹਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਵਿਜੈ ਕੁਮਾਰ ਸਿੰਗਲਾ ਦੇ ਬਿਆਨ ’ਤੇ ਟਰੱਕ ਚਾਲਕ ਕ੍ਰਿਸ਼ਨ ਵਾਸੀ ਪੰਨਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

