Gherao Punjab CM's Residence: ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 2 ਨੂੰ
ਸੰਗਰੂਰ ਵਿੱਚ ਪੱਕਾ ਮੋਰਚਾ ਜਾਰੀ; ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਸੱਦਾ ਦਿੱਤਾ
ਪੰਜਾਬ ਸਰਕਾਰ ਵੱਲੋਂ ਰੁਜ਼ਗਾਰ ਦੇਣ ਦੇ ਵਾਅਦਿਆਂ ਦੇ ਬਾਵਜੂਦ ਨਵੀਂ ਭਰਤੀ ਪ੍ਰਕਿਰਿਆ ਸ਼ੁਰੂ ਨਾ ਹੋਣ ਤੋਂ ਖ਼ਫ਼ਾ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਗੇਟ ਅੱਗੇ ਪਿਛਲੇ 280 ਦਿਨਾਂ ਤੋਂ ਪੱਕਾ ਧਰਨਾ ਲਾ ਕੇ ਬੈਠੇ ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ ਉਹ 2 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਦਾ ਘਿਰਾਓ ਕਰਨਗੇ। ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਸਰਕਾਰ ਵੱਲੋਂ ਭਰਤੀ ਕੈਲੰਡਰ ਲਾਗੂ ਕਰਨ ਦੇ ਦਾਅਵੇ ਕੀਤੇ ਗਏ ਸਨ, ਪਰ ਸਾਢੇ ਚਾਰ ਸਾਲਾਂ ਦੌਰਾਨ ਕੋਈ ਵੀ ਨਵੀਂ ਅਸਾਮੀ ਜਾਰੀ ਨਾ ਕਰਨਾ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਚੋਣ ਜ਼ਾਬਤਾ ਲਾਗੂ ਹੋਣ ਵਿੱਚ ਕੁਝ ਮਹੀਨੇ ਹੀ ਬਾਕੀ ਹਨ, ਜਿਸ ਕਾਰਨ ਨੌਜਵਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਮਾਸਟਰ ਕੇਡਰ ਦੀਆਂ 15 ਹਜ਼ਾਰ ਅਸਾਮੀਆਂ ਤੁਰੰਤ ਜਾਰੀ ਕੀਤੀਆਂ ਜਾਣ, ਉਪਰਲੀ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ, 55 ਫ਼ੀਸਦੀ ਅੰਕਾਂ ਦੀ ਸ਼ਰਤ ਰੱਦ ਕੀਤੀ ਜਾਵੇ ਅਤੇ ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ। ਮੋਰਚੇ ਨੇ ਸਮੂਹ ਬੇਰੁਜ਼ਗਾਰਾਂ ਨੂੰ 2 ਅਕਤੂਬਰ ਨੂੰ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਹੱਕੀ ਮੰਗਾਂ ਲਈ ਸੰਘਰਸ਼ ਨੂੰ ਸਿਖ਼ਰਾਂ ਤੱਕ ਪਹੁੰਚਾਇਆ ਜਾ ਸਕੇ।

