ਪੰਜਾਬ ਸਰਕਾਰ ਦੇ ਦੋਹਰੇ ਮਾਪਦੰਡ

ਆਪਣਿਆਂ ਲਈ ਨਰਮੀ, ਬੇਗਾਨਿਆਂ ਲਈ ਸਖ਼ਤੀ

* ਮਾਸਕ ਪਾ ਕੇ ਮੁਜ਼ਾਹਰਾ ਕਰਨ ਵਾਲੇ ਅਧਿਆਪਕਾਂ ਖ਼ਿਲਾਫ਼ ਕੇਸ; * ਬਗੈਰ ਮਾਸਕ ਮੁਜ਼ਾਹਰਾ ਕਰਨ ਵਾਲੇ ਕਾਂਗਰਸੀਆਂ ’ਤੇ ਪੁਲੀਸ ਦੀ ਮਿਹਰ

ਆਪਣਿਆਂ ਲਈ ਨਰਮੀ, ਬੇਗਾਨਿਆਂ ਲਈ ਸਖ਼ਤੀ

ਸੰਗਰੂਰ ਵਿਚ ਮਾਸਕ ਪਾ ਕੇ ਮੁਜ਼ਾਹਰਾ ਕਰਦੇ ਹੋਏ ਅਧਿਆਪਕ, ਜਿਨ੍ਹਾਂ ਖ਼ਿਲਾਫ਼ ਮਾਸਕ ਨਾ ਪਹਿਨਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ

ਇਥੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਅਸਾਮੀਆਂ ’ਚ ਵਾਧਾ ਕਰਨ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਰੋਸ ਧਰਨਾ ਦੇਣ ਵਾਲੇ ਆਲ ਪੰਜਾਬ ਬੇਰੁਜ਼ਗਾਰ ਡੀ.ਪੀ.ਈ. ਅਧਿਆਪਕ ਯੂਨੀਅਨ ਦੇ ਆਗੂਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਅਨੁਸਾਰ ਧਰਨਾਕਾਰੀਆਂ ਨੇ ਬਿਨਾਂ ਮਾਸਕ ਤੇ ਸਮਾਜਿਕ ਦੂਰੀ ਨਾਲ ਪ੍ਰਦਰਸ਼ਨ ਕੀਤਾ। ਹਾਲਾਂਕਿ ਮੁਜ਼ਾਹਰਾਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਮਾਸਕ ਪਹਿਨੇ ਹੋਏ ਸਨ। ਉਧਰ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਡੀਸੀ ਦੇ ਹੁਕਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਸਗੋਂ ਸਿਆਸੀ ਦਬਾਅ ਹੇਠ ਬੇਰੁਜ਼ਗਾਰਾਂ ਦੀ ਅਵਾਜ਼ ਨੂੰ ਦਬਾਉਣ ਲਈ ਪੁਲੀਸ ਨੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਵਾਸੀ ਦਿੜ੍ਹਬਾ, ਕੀਰਤੀ ਸ਼ਰਮਾ ਵਾਸੀ ਭਵਾਨੀਗੜ੍ਹ, ਸਤਪਾਲ ਸਿੰਘ ਵਾਸੀ ਸੰਗਰੂਰ, ਰਮਨਦੀਪ ਸਿੰਘ ਸ੍ਰੀ ਆਨੰਦਪੁਰ ਸਾਹਿਬ, ਸਤਪਾਲ ਸਿੰਘ ਬਰਨਾਲਾ, ਗੁਰਵਿੰਦਰ ਸਿੰਘ ਪਟਿਆਲਾ ਆਦਿ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਸੰਗਰੂਰ ’ਚ ਬਗੈਰ ਮਾਸਕ ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਪ੍ਰਵਾਹ ਨਾ ਕਰਦਿਆਂ ਪ੍ਰਦਰਸ਼ਨ ਕਰਦੇ ਕਾਂਗਰਸੀਆਂ ਦੀ ਪੁਰਾਣੀ ਤਸਵੀਰ।

ਬੇਰੁਜ਼ਗਾਰ ਡੀਪੀਈ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰਨ ਦੇ ਮਾਮਲੇ ’ਚ ਸੰਗਰੂਰ ਪੁਲੀਸ ਦੇ ਪੱਖਪਾਤੀ ਰਵੱਈਏ ’ਤੇ ਸਵਾਲ ਖੜ੍ਹੇ ਹੋ ਗਏ ਹਨ ਕਿਉਂਕਿ ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਤੇਲ ਕੀਮਤਾਂ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਗਿਆ ਸੀ। ਇਨ੍ਹਾਂ ਕਾਂਗਰਸੀ ਆਗੂਆਂ ਨੇ ਨਾ ਤਾਂ ਮਾਸਕ ਪਾਏ ਸੀ ਅਤੇ ਨਾ ਹੀ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਸੀ ਪਰ ਪੁਲੀਸ ਨੇ ਕਾਂਗਰਸੀ ਵਰਕਰਾਂ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। ਇਸ ਪੱਖਪਾਤੀ ਭੂਮਿਕਾ ਖ਼ਿਲਾਫ਼ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਆਵਾਜ਼ ਉਠਾਈ ਹੈ। ਭਾਜਪਾ ਦੇ ਜ਼ਿਲ੍ਹਾ ਵਫ਼ਦ ਵਲੋਂ ਡੀਐਸਪੀ ਸਤਪਾਲ ਸ਼ਰਮਾ ਨੂੰ ਸ਼ਿਕਾਇਤ ਦਿੰਦਿਆਂ ਮੰਗ ਵੀ ਕੀਤੀ ਗਈ ਹੈ ਕਿ ਬੇਰੁਜ਼ਗ਼ਾਰ ਅਧਿਆਪਕਾਂ ’ਤੇ ਦਰਜ ਕੇਸ ਰੱਦ ਕੀਤਾ ਜਾਵੇ ਜਾਂ ਫ਼ਿਰ ਝੋਟਾ ਰੇਹੜੀ ’ਤੇ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਤੋਂ ਪ੍ਰਦਰਸ਼ਨ ਕਰਨ ਵਾਲੇ ਕਾਂਗਰਸੀ ਆਗੂਆਂ ਤੇ ਵਰਕਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ, ਇਸ ਕਰ ਕੇ ਕਾਂਗਰਸੀ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਤਾਂ ਬਗੈਰ ਮਾਸਕ ਤੇ ਸਮਾਜਿਕ ਦੂਰੀ ਤੋਂ ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੀ ਤਸਵੀਰ ਵੀ ਮੀਡੀਆ ਨੂੰ ਜਾਰੀ ਕਰ ਦਿੱਤੀ ਹੈ। ‘ਆਪ’ ਦੀ ਹਲਕਾ ਸਹਿ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਮੰਗ ਕੀਤੀ ਕਿ ਕਾਂਗਰਸੀ ਵਰਕਰਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ। ਉਧਰ ਮੁਲਾਜ਼ਮ ਜਥੇਬੰਦੀਆਂ ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਆਗੂ ਸਵਰਨਜੀਤ ਸਿੰਘ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਗਲਵੱਟੀ, ਬੇਰੁਜ਼ਗਾਰ ਬੀ.ਐਡ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਨੇ ਵੀ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All