ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਅਗਸਤ
ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਜਨਰਲ ਵਰਗ ਵੱਲੋਂ ਜਨਰਲ ਕੈਟੇਗਿਰੀ ਵੈੱਲਫ਼ੇਅਰ ਫੈਡਰੇਸ਼ਨ ਦੀ ਅਗਵਾਈ ਹੇਠ ਅਣਮਿਥੇ ਸਮੇਂ ਲਈ ਸੂਬਾ ਪੱਧਰੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੇ ਦਿਨ ਦੋਆਬਾ ਜਨਰਲ ਕੈਟੇਗਿਰੀ ਫਰੰਟ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ, ਜਨਰਲ ਸਕੱਤਰ ਜਗਤਾਰ ਸਿੰਘ ਭੁੰਗਰਨੀ, ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ, ਸਕੱਤਰ ਜਨਰਲ ਸਰਬਜੀਤ ਕੌਸ਼ਲ, ਰਮਨ ਮਹਿਰਾ ਜਨਰਲ ਸਮਾਜ ਮੰਚ, ਰਾਜ ਕੁਮਾਰ ਟੋਨੀ ਸੰਗਰੂਰ, ਮਾਸਟਰ ਅਵਤਾਰ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਸੰਘਾ, ਜਤਿੰਦਰਵੀਰ ਗਿੱਲ, ਰਾਸ਼ਟਰੀ ਜਾਤੀਗਤ ਆਰਕਸ਼ਨ ਵਿਰੋਧੀ ਪਾਰਟੀ ਦੇ ਰਵਿੰਦਰ ਜਠੇੜੀ ਸੋਨੀਪਤ, ਸੈਕਟਰੀ ਆਲ ਇੰਡੀਆ ਇਕੁਐਲਿਟੀ ਨੌਰਥ ਜ਼ੋਨ ਦੇ ਜੈਪਾਲ, ਜਨਰਲ ਸਕੱਤਰ ਕੰਢੀ ਕਿਸਾਨ ਯੂਨੀਅਨ ਦੇ ਜਗਜੀਤ ਸਿੰਘ ਗਿੱਲ ਭੁੱਖ ਹੜਤਾਲ ਵਿੱਚ ਸ਼ਾਮਲ ਹੋਏ। ਇਸ ਮੌਕੇ ਜਨਰਲ ਵਰਗ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਜਨਰਲ ਵਰਗ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਗਿਆ। ਇਸ ਮੌਕੇ ਜਨਰਲ ਕੈਟੇਗਿਰੀ ਵੈੱਲਫੇਅਰ ਫੈਡਰੇਸ਼ਨ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਅਤੇ ਸ਼ਿਆਮ ਲਾਲ ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਜਨਰਲ ਵਰਗ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਨਰਲ ਵਰਗ ਦੀਆਂ ਮੁੱਖ ਮੰਗਾਂ ’ਚ ਜਨਰਲ ਵਰਗ ਦੀ ਭਲਾਈ ਲਈ ਸਥਾਪਤ ਕੀਤੇ ਕਮਿਸ਼ਨ ਦਾ ਚੇਅਰਮੈਨ ਲਗਾਉਣਾ, ਪਰਸੋਨਲ ਵਿਭਾਗ ਵੱਲੋਂ ਸੀਨੀਆਰਤਾ ਸਬੰਧੀ ਸਮੇਂ-ਸਮੇਂ ਸਿਰ ਜਾਰੀ ਕੀਤੇ ਸਰਕੂਲਰ ਨੂੰ ਲਾਗੂ ਕਰਨਾ ਅਤੇ ਕੋਟਾ ਪੂਰਾ ਹੋਣ ਉਪਰੰਤ ਰੋਸਟਰ ਬੰਦ ਕਰਨ ਸਬੰਧੀ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਸਰਕੂਲਰ ਨੂੰ ਲਾਗੂ ਕਰਨਾ ਹੈ।
ਰੱਜੇ-ਪੁੱਜੇ ਲੋਕਾਂ ਨੂੰ ਰਾਖਵੇਂਕਰਨ ਦਾ ਲਾਭ ਨਾ ਦੇਣਾ ਅਤੇ ਰਾਖਵੇਂਕਰਨ ਦਾ ਆਧਾਰ ਆਰਥਿਕ ਕਰਨਾ ਸ਼ਾਮਲ ਹੈ। ਉਨ੍ਹਾਂ ਮੰਗ ਕੀਤੀ ਕਿ ਰਿਜ਼ਰਵ ਹਲਕੇ ਬਲਦੇ ਜਾਣ ਤਾਂ ਜੋ ਜਨਰਲ ਵਰਗ ਦੇ ਲੋਕ ਵੀ ਇਨ੍ਹਾਂ ਹਲਕਿਆਂ ਤੋਂ ਚੋਣ ਲੜ ਸਕਣ। 600 ਯੂਨਿਟ ਬਿਜਲੀ ਦਾ ਬਿੱਲ ਮੁਆਫ ਕਰਨ ਲਈ ਜਨਰਲ ਵਰਗ ਨਾਲ ਕੀਤਾ ਵਿਤਕਰਾ ਦੂਰ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਹੀਂ ਮਿਲਦਾ ਅਤੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸਰਬ ਸਾਂਝੀਵਾਲਤਾ ਸੁਸਾਇਟੀ ਦੇ ਬਲਵੰਤ ਸਿੰਘ ਖ਼ਾਲਸਾ, ਕਨਵੀਨਰ ਸਰਬ ਸਾਂਝਾ ਭਲਾਈ ਮੰਚ ਪੰਜਾਬ ਸੋਹਨ ਲਾਲ ਸ਼ਰਮਾ ਸ਼ਾਮਲ ਸਨ।