ਵਾਤਾਵਰਨ ਯੋਜਨਾ ਮੀਟਿੰਗ ’ਚ ਕੂੜੇ ਦੇ ਡੰਪਾਂ ’ਤੇ ਨਾ ਹੋਈ ਚਰਚਾ
ਵਾਤਾਵਰਨ ਸੁਰੱਖਿਆ ਪਹਿਲਕਦਮੀਆਂ ਅਤੇ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ; w ਨਗਰ ਕੌਂਸਲ ਵੱਲੋਂ ਸੁੱਟੇ ਕੂੜੇ ਖ਼ਿਲਾਫ਼ ਜਰਗ ਰੋਡ ’ਤੇ ਧਰਨਾ ਜਾਰੀ
ਜ਼ਿਲ੍ਹਾ ਵਾਤਾਵਰਨ ਯੋਜਨਾ (ਡੀ ਈ ਪੀ) ਸਬੰਧੀ ਮੀਟਿੰਗ ’ਚ ਜ਼ਿਲ੍ਹੇ ਦੀਆਂ ਦੋਵੇਂ ਨਗਰ ਕੌਂਸਲਾਂ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਡੀ ਸੀ ਵਿਰਾਜ ਐੱਸ ਤਿੜਕੇ ਵੱਲੋਂ ਜ਼ਿਲ੍ਹਾ ਵਾਤਾਵਰਨ ਯੋਜਨਾ ਦੇ ਐਕਸ਼ਨ ਪਲਾਨ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ, ਜਿਸ ਦੌਰਨ ਮਤੋਈ ਤੇ ਜਰਗ ਰੋਡ ’ਤੇ ਬਣਾਏ ਕੂੜੇ ਦੇ ਡੰਪਾਂ ਦਾ ਮਾਮਲੇ ’ਤੇ ਚਰਚਾ ਨਹੀਂ ਹੋਈ। ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਜਰਗ ਰੋਡ ’ਤੇ ਬਣਾਏ ਕੂੜੇ ਦੇ ਡੰਪ ਖ਼ਿਲਾਫ਼ ਸਹਿਰ ਵਾਸੀਆਂ ਨੇ ਪੰਜ ਦਿਨਾਂ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਹੋਇਆ ਹੈ ਜਦਕਿ ਮਤੋਈ ਰੋਡ ਦਾ ਡੰਪ ਚੁਕਾਉਣ ਲਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ) ਦੀ ਅਗਵਾਈ ਹੇਠ ਇਲਾਕੇ ਦੇ ਲੋਕ ਹਫ਼ਤਾ ਭਰ ਧਰਨੇ ’ਤੇ ਬੈਠੇ ਰਹੇ ਹਨ। ਅਧਿਕਾਰੀਆਂ ਦੀ ਮੀਟਿੰਗ ਵਿਚ ਅਹਿਮਦਗੜ੍ਹ ਤੇ ਮਾਲੇਰਕੋਟਲਾ ਦੋਵੇਂ ਨਗਰ ਕੌਂਸਲਾਂ, ਨਗਰ ਪੰਚਾਇਤ ਅਮਰਗੜ੍ਹ, ਸੀਵਰੇਜ ਬੋਰਡ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਭੂਮੀ ਰੱਖਿਆ, ਲੋਕ ਨਿਰਮਾਣ ਵਿਭਾਗ, ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਡਰੇਨਜ਼, ਸਿਹਤ ਵਿਭਾਗ ਤੇ ਪਾਵਰਕੌਮ ਸਣੇ ਹੋਰ ਵਿਭਾਗਾਂ ਦੇ ਪ੍ਰਤੀਨਿਧੀ ਮੌਜੂਦ ਸਨ।
ਡੀ ਸੀ ਨੇ ਵਿਭਾਗਾਂ ਵੱਲੋਂ ਵਾਤਾਵਰਨ ਸਬੰਧੀ ਪਹਿਲਕਦਮੀਆਂ ਦੀ ਪ੍ਰਗਤੀ, ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਤਾਵਰਨ ਯੋਜਨਾ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਸਾਰੇ ਵਿਭਾਗਾਂ ਦਾ ਸਾਂਝਾ ਯਤਨ ਅਤੇ ਪ੍ਰਭਾਵਸ਼ਾਲੀ ਤਾਲਮੇਲ ਬਹੁਤ ਜ਼ਰੂਰੀ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਠੋਸ ਕੂੜਾ ਪ੍ਰਬੰਧਨ, ਗੰਦੇ ਪਾਣੀ ਦੀ ਸੰਭਾਲ ਅਤੇ ਟ੍ਰੀਟਮੈਂਟ, ਪਾਣੀ ਸੰਭਾਲ ਉਪਰਾਲੇ, ਮਿੱਟੀ ਅਤੇ ਭੂਮੀ ਸੁਰੱਖਿਆ, ਪ੍ਰਦੂਸ਼ਣ ਕੰਟਰੋਲ ਅਤੇ ਵਾਹਨਾਂ ਦੇ ਨਿਕਾਸ, ਈ-ਰਿਕਸ਼ਾ ਆਦਿ ਦੇ ਮਾਪਦੰਡਾਂ ਦੀ ਸਮੀਖਿਆ ਕੀਤੀ ਗਈ। ਡਿਪਟੀ ਕਮਿਸ਼ਨਰ ਵੀ ਐੱਸ ਤਿੜਕੇ ਨੇ ਵਾਤਾਵਰਨ ਦੀ ਸੰਭਾਲ ਲਈ ਸਾਰੇ ਵਿਭਾਗਾਂ ਦੀ ਜਵਾਬਦੇਹੀ ਉਭਾਰਦਿਆਂ ਕਾਰਜਸਾਧਕ ਅਧਿਕਾਰੀਆਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸਾਂਝੇ ਤੌਰ ’ਤੇ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਮੁਹਿੰਮ ਚਲਾਉਣ ਅਤੇ ਲਗਾਤਾਰ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ।
ਧਰਨਾ ਜਾਰੀ ਰੱਖਣ ਦਾ ਐਲਾਨ
ਜਰਗ ਰੋਡ ’ਤੇ ਕੂੜੇ ਦੇ ਡੰਪ ਨੂੰ ਚੁਕਵਾਉਣ ਲਈ ਧਰਨੇ ’ਤੇ ਬੈਠੇ ਲੋਕਾਂ ਨੇ ਡੰਪ ਸਾਫ਼ ਹੋਣ ਤੱਕ ਧਰਨਾ ਜਾਰੀ ਐਲਾਨ ਕੀਤਾ ਹੈ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਬੇਸ਼ੱਕ ਨਗਰ ਕੌਂਸਲ ਨੇ ਲੰਘੇ ਦਿਨ ਤੋਂ ਕੂੜਾ ਚੁੱਕਣ ਲਈ ਕੰਮ ਸ਼ੁਰੂ ਕਰ ਦਿੱਤਾ ਪਰ ਜਦੋਂ ਤੱਕ ਡੰਪ ਨੂੰ ਮੁਕੰਮਲ ਰੂਪ ਵਿਚ ਸਾਫ਼ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ।

