ਚੋਰ ਗਰੋਹ ਨੇ 15 ਟ੍ਰਾਂਸਫਾਰਮਰਾਂ ਦਾ ਤੇਲ ਕੱਢਿਆ
ਚੋਰ ਗਰੋਹ ਨੇ ਬੀਤੀ ਦੇਰ ਰਾਤ ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਖੇਤਾਂ ਵਾਲੀਆਂ ਮੋਟਰਾਂ ’ਤੇ ਲੱਗੇ 15 ਟ੍ਰਾਂਸਫਾਰਮਰਾਂ ਵਿੱਚੋਂ ਤੇਲ ਕੱਢਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨਾਂ ਪਰਮਜੀਤ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ,...
ਚੋਰ ਗਰੋਹ ਨੇ ਬੀਤੀ ਦੇਰ ਰਾਤ ਇੱਥੋਂ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਖੇਤਾਂ ਵਾਲੀਆਂ ਮੋਟਰਾਂ ’ਤੇ ਲੱਗੇ 15 ਟ੍ਰਾਂਸਫਾਰਮਰਾਂ ਵਿੱਚੋਂ ਤੇਲ ਕੱਢਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨਾਂ ਪਰਮਜੀਤ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਜਗਸੀਰ ਸਿੰਘ, ਸਵਰਨ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਚੋਰਾਂ ਨੇ ਪਿੰਡ ਭੱਟੀਵਾਲ ਤੋਂ ਕਪਿਆਲ ਵਾਲੇ ਰਸਤੇ ’ਤੇ ਪੈਂਦੇ ਖੇਤਾਂ ਦੀਆਂ ਮੋਟਰਾਂ ’ਤੇ ਲੱਗੇ 15 ਟ੍ਰਾਂਸਫਾਰਮਰਾਂ ਵਿੱਚੋਂ ਤੇਲ ਕੱਢ ਲਿਆ। ਕਿਸਾਨਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਦਿਨ ਸਮੇਂ ਆਉਣ ਕਾਰਨ ਕੋਈ ਕਿਸਾਨ ਰਾਤ ਸਮੇਂ ਖੇਤਾਂ ਵੱਲ ਨਹੀਂ ਜਾਂਦਾ। ਇਸ ਕਾਰਨ ਇਨ੍ਹਾਂ ਚੋਰਾਂ ਨੇ ਇਹ ਕਾਰਵਾਈ ਕੀਤੀ ਹੈ।
ਕਿਸਾਨਾਂ ਨੇ ਇੱਕ ਟ੍ਰਾਂਸਫਾਰਮਰ ਕੋਲ ਧਰਤੀ ’ਤੇ ਗੱਡੀ ਹੋਈ ਇੱਕ ਤਲਵਾਰ ਦਿਖਾਉਂਦਿਆਂ ਕਿਹਾ ਕਿ ਇਹ ਤਲਵਾਰ ਚੋਰ ਕਾਹਲੀ ਵਿੱਚ ਇੱਥੇ ਹੀ ਭੁੱਲ ਗਏ। ਇਸ ਤੋਂ ਇਹ ਜਾਪਦਾ ਹੈ ਕਿ ਚੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਈ ਸਨ। ਉਨ੍ਹਾਂ ਕਿਹਾ ਕਿ ਜੇ ਇੱਕ ਦੋ-ਕਿਸਾਨ ਰਾਤ ਸਮੇਂ ਖੇਤਾਂ ਵਿੱਚ ਹੁੰਦੇ ਤਾਂ ਇਹ ਚੋਰ ਉਨ੍ਹਾਂ ਦਾ ਨੁਕਸਾਨ ਵੀ ਕਰ ਸਕਦੇ ਸਨ। ਚੋਰਾਂ ਵੱਲੋਂ ਤੇਲ ਕੱਢਣ ਕਰ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਚੋਰ ਗ੍ਰੋਹ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

