ਮੋਬਾਈਲ ਟਾਵਰਾਂ ਦਾ ਸਾਮਾਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼
ਨਿਜੀ ਪੱਤਰ ਪ੍ਰੇਰਕ
ਸੰਗਰੂਰ, 14 ਜੂਨ
ਜ਼ਿਲ੍ਹਾ ਪੁਲੀਸ ਨੇ ਮੋਬਾਈਲ ਟਾਵਰਾਂ ਦੇ ਸਾਮਾਨ ਦੀਆਂ ਕਰੀਬ 100 ਤੋਂ ਵੱਧ ਚੋਰੀਆਂ ਵਿੱਚ ਸ਼ਾਮਲ ਅੰਤਰਰਾਜੀ ਚੋਰ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਵੱਲੋਂ ਸੱਦੀ ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਐਸਪੀ ਨਵਰੀਤ ਸਿੰਘ ਨੇ ਦੱਸਿਆ ਕਿ ਇਸ ਗਰੋਹ ਨੇ ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮਾਨਸਾ, ਪਟਿਆਲਾ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਕਰੀਬ 100 ਮੋਬਾਈਲ ਟਾਵਰਾਂ ਤੋਂ ਬੇਸ ਟਰਾਂਸੀਵਰ ਸਟੇਸ਼ਨ (ਬੀਟੀਐੱਸ) ਵਿੱਚ ਜੀਸੀਯੂ-1, ਕਾਰਡਜ਼ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁਖਬਰ ਵੱਲੋਂ ਮਿਲੀ ਇਤਲਾਹ ’ਤੇ ਕਾਰਵਾਈ ਕਰਦਿਆਂ ਇਸ ਦਵਿੰਦਰ ਅੱਤਰੀ ਕਪਤਾਨ ਇਨਵੈਸਟੀਗੇਸ਼ਨ ਅਤੇ ਦਿਲਜੀਤ ਸਿੰਘ ਵਿਰਕ ਉਪ ਕਪਤਾਨ ਇਨਵੈਸਟੀਗੇਸ਼ਨ ਦੀ ਅਗਵਾਈ ਵਿਚ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਆਈਏ ਸੰਗਰੂਰ ਦੀ ਟੀਮ ਵੱਲੋਂ ਰਾਮਕਰਨ ਸਿੰਘ ਉਰਫ ਲਾਡੀ ਵਾਸੀ ਅਕੋਈ ਸਾਹਿਬ, ਅਵਤਾਰ ਸਿੰਘ ਵਾਸੀ ਅਕੋਈ ਸਾਹਿਬ, ਪ੍ਰੇਮ ਸਿੰਘ ਵਾਸੀ ਬੇਨੜਾ ਅਤੇ ਰੁਪਿੰਦਰ ਸਿੰਘ ਉਰਫ ਚੀਨੂ ਵਾਸੀ ਬੇਨੜਾ ਨੂੰ ਚੋਰੀ ਦਾ ਸਮਾਨ ਅਤੇ ਇਕ ਕਾਰ ਸਮੇਤ ਕਾਬੂ ਕਰ ਲਿਆ ਗਿਆ ਜਦੋਂ ਕਿ ਲਵਪ੍ਰੀਤ ਸਿੰਘ ਵਾਸੀ ਬੇਨੜਾ ਅਤੇ ਪ੍ਰਿੰਸ ਵਾਸੀ ਰਾਜਪੁਰਾ ਰੋਡ, ਪਟਿਆਲਾ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲੀਸ ਅਨੁਸਾਰ ਗਰੋਹ ਦੇ ਮੈਂਬਰ ਮੋਬਾਈਲ ਟਾਵਰ ਕੰਪਨੀਆਂ ਵਿੱਚ ਕੰਮ ਕਰਦੇ ਸਨ।