Gagan Chowk: ਨਗਰ ਕੌਂਸਲ ਨੇ ਗਗਨ ਚੌਕ ਬੱਸ ਸਟਾਪ ’ਤੇ ਖੋਖਾ ਰੱਖਿਆ
ਰਾਜਪੁਰਾ ਦੇ ਗਗਨ ਚੌਕ ਵਿੱਚ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਦੀਆਂ ਟਿਕਟਾਂ ਕੱਟਣ ਲਈ ਰੱਖਿਆ ਕਰੀਬ 10×10 ਫੁੱਟ ਦਾ ਖੋਖਾ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਇੱਥੋਂ ਬਨੂੜ, ਮੁਹਾਲੀ, ਜ਼ੀਰਕਪੁਰ, ਚੰਡੀਗੜ੍ਹ ਅਤੇ ਪੰਚਕੂਲਾ ਜਾਣ ਵਾਲੀਆਂ ਬੱਸਾਂ ਫੜਨ ਲਈ ਹਰ...
ਰਾਜਪੁਰਾ ਦੇ ਗਗਨ ਚੌਕ ਵਿੱਚ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੀਆਂ ਬੱਸਾਂ ਦੀਆਂ ਟਿਕਟਾਂ ਕੱਟਣ ਲਈ ਰੱਖਿਆ ਕਰੀਬ 10×10 ਫੁੱਟ ਦਾ ਖੋਖਾ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਇੱਥੋਂ ਬਨੂੜ, ਮੁਹਾਲੀ, ਜ਼ੀਰਕਪੁਰ, ਚੰਡੀਗੜ੍ਹ ਅਤੇ ਪੰਚਕੂਲਾ ਜਾਣ ਵਾਲੀਆਂ ਬੱਸਾਂ ਫੜਨ ਲਈ ਹਰ ਰੋਜ਼ ਵੱਡੀ ਗਿਣਤੀ ਵਿੱਚ ਸਵਾਰੀਆਂ ਪੁੱਜਦੀਆਂ ਹਨ। ਸਵੇਰ ਦੇ ਸਮੇਂ ਸਰਕਾਰੀ ਅਤੇ ਗ਼ੈਰ-ਸਰਕਾਰੀ ਮੁਲਾਜ਼ਮਾਂ, ਸਕੂਲ-ਕਾਲਜ ਦੇ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਦੀ ਭੀੜ ਕਾਰਨ ਸਥਿਤੀ ਹੋਰ ਵੀ ਗੰਭੀਰ ਬਣ ਜਾਂਦੀ ਹੈ। ਸਵਾਰੀਆਂ ਨੇ ਦੱਸਿਆ ਕਿ ਸਰਹਿੰਦ ਵੱਲੋਂ ਆਉਣ ਵਾਲੀ ਬੱਸ ਨੂੰ ਖੋਖੇ ਦੇ ਦੂਜੇ ਪਾਸੇ ਖੜ੍ਹੇ ਯਾਤਰੀ ਦਿਖਾਈ ਨਹੀਂ ਦਿੰਦੇ। ਇਸੇ ਤਰ੍ਹਾਂ ਖੋਖੇ ਦੇ ਪਿੱਛੇ ਖੜ੍ਹੀਆਂ ਸਵਾਰੀਆਂ ਨੂੰ ਵੀ ਆ ਰਹੀ ਬੱਸ ਦਾ ਸਮੇਂ ਸਿਰ ਪਤਾ ਨਹੀਂ ਲੱਗਦਾ। ਇਸ ਕਾਰਨ ਕਿਸੇ ਵੀ ਵੇਲੇ ਗੰਭੀਰ ਹਾਦਸਾ ਵਾਪਰ ਸਕਦਾ ਹੈ। ਸਥਾਨਕ ਲੋਕਾਂ ਅਨੁਸਾਰ ਪਹਿਲਾਂ ਇਸ ਸਥਾਨ ’ਤੇ ਲੱਗੇ ਦਰੱਖਤ ਦੀ ਛਾਂ ਹੇਠ ਸਵਾਰੀਆਂ ਖੜ੍ਹ ਕੇ ਬੱਸਾਂ ਦੀ ਉਡੀਕ ਕਰਦੀਆਂ ਸਨ, ਪਰ ਨਗਰ ਕੌਂਸਲ ਵੱਲੋਂ ਉੱਥੇ ਖੋਖਾ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਖੋਖੇ ਨੂੰ ਕੁਝ ਦੂਰੀ ਅੱਗੇ ਬਾਬਾ ਮੋੜ ਮੰਦਰ ਦੇ ਨੇੜੇ ਸੁਰੱਖਿਅਤ ਥਾਂ ’ਤੇ ਰੱਖਿਆ ਜਾ ਸਕਦਾ ਹੈ। ਸਵਾਰੀਆਂ ਨੇ ਰਾਜਪੁਰਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਇਸ ਖੋਖੇ ਨੂੰ ਤੁਰੰਤ ਇੱਥੋਂ ਹਟਾ ਕੇ ਉਚਿਤ ਥਾਂ ‘ਤੇ ਤਬਦੀਲ ਕੀਤਾ ਜਾਵੇ।
ਇਸ ਸਬੰਧੀ ਰਾਜਪੁਰਾ ਦੇ ਐੱਸ ਡੀ ਐੱਮ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਹੁਣੇ ਧਿਆਨ ਵਿੱਚ ਆਇਆ ਹੈ, ਮੌਕਾ ਦੇਖ ਕੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

