ਲਾਈ ਬੇਕਦਰਾਂ ਨਾਲ ਯਾਰੀ...

ਲਾਈ ਬੇਕਦਰਾਂ ਨਾਲ ਯਾਰੀ...

ਅੰਗਰੇਜ ਸਿੰਘ ਵਿਰਦੀ

ਲੋਕ ਫ਼ਨਕਾਰ ਤੁਫ਼ੈਲ ਨਿਆਜ਼ੀ ਸਾਂਝੇ ਪੰਜਾਬ ਵਿੱਚ ਪੈਦਾ ਹੋਇਆ ਇੱਕ ਅਜਿਹਾ ਗਵੱਈਆ ਸੀ ਜਿਸ ਨੇ ਆਪਣੀ ਸੁਰੀਲੀ ਅਤੇ ਰੂਹ ਨੂੰ ਸ਼ਰਸ਼ਾਰ ਕਰਦੀ ਗਾਇਕੀ ਰਾਹੀਂ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀ ਲੋਕ ਸੰਗੀਤ ਦੇ ਦੀਵਾਨਿਆਂ ਦੇ ਦਿਲਾਂ ’ਤੇ ਰਾਜ ਕੀਤਾ। ਪੰਜਾਬੀ ਲੋਕ ਗਾਇਕੀ ਅਤੇ ਕਲਾਸੀਕਲ ਗਾਇਕੀ ਵਿੱਚ ਤੁਫ਼ੈਲ ਨਿਆਜ਼ੀ ਦਾ ਕੋਈ ਸਾਨੀ ਨਹੀਂ ਸੀ। ਉਹ ਪੰਜਾਬੀ ਲੋਕ ਸੰਗੀਤ ਦਾ ਅਜਿਹਾ ਨਾਯਾਬ ਹੀਰਾ ਸੀ ਜਿਸ ਨੇ ਛੋਟੀ ਉਮਰੇ ਸਭ ਤੋਂ ਪਹਿਲਾਂ ਰਬਾਬੀ ਬਣ ਸਿੱਖ ਗੁਰਧਾਮਾਂ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ। ਫਿਰ ਕੁਝ ਸਾਲ ਗਊਸ਼ਾਲਾ ਵਿੱਚ ਗਾਉਣ ਵਾਲੀ ਮੰਡਲੀ ਵਿੱਚ ਸ਼ਾਮਲ ਹੋ ਕੇ ਅਤੇ ਗਊ ਰਕਸ਼ਕ ਦਲ ਦਾ ਹਿੱਸਾ ਬਣ ਕੇ ਗਊਆਂ ਦੀ ਰੱਖਿਆ ਕਰਨ ਲਈ ਪਿੰਡ ਪਿੰਡ ਗਾ ਕੇ ਹੋਕਾ ਦਿੱਤਾ। ਉਸ ਤੋਂ ਬਾਅਦ ਰਾਸਧਾਰੀਆਂ ਨਾਲ ਰਲ ਭਗਵਾਨ ਕ੍ਰਿਸ਼ਨ ਲੀਲਾ ਦਾ ਗਾਇਨ ਕੀਤਾ। ਉਪਰੰਤ ਪਿੰਡ ਪਿੰਡ ਘੁੰਮਦੇ ਨੋਟੰਕੀ ਕਰਨ ਵਾਲਿਆਂ ਨਾਲ ਜਾ ਰਲਿਆ ਤੇ ਪੰਜਾਬੀ ਲੋਕ ਕਿੱਸਿਆਂ ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ ਵੀ ਅਤੇ ਕਿੱਸਿਆਂ ਦੇ ਮੁੱਖ ਪਾਤਰ ਦਾ ਕਿਰਦਾਰ ਵੀ ਨਿਭਾਇਆ। ਹਰ ਤਰ੍ਹਾਂ ਦੇ ਸੰਗੀਤ ਵਿੱਚ ਪਰਿਪੱਕ ਹੋ ਕੇ ਅਖੀਰ ਉਸ ਨੇ ਆਪਣੀ ਇੱਕ ਸੰਗੀਤ ਮੰਡਲੀ ਬਣਾ ਲਈ। ਇਸ ਮੰਡਲੀ ਵਿੱਚ ਪੁਰਾਤਨ ਪੰਜਾਬੀ ਲੋਕ ਸਾਜ਼ਾਂ ਦੇ ਮਾਹਿਰ ਫ਼ਨਕਾਰ ਸ਼ਾਮਲ ਸਨ ਜਿਨ੍ਹਾਂ ਨਾਲ ਮਿਲ ਕੇ ਤੁਫੈਲ ਨੇ ਪੰਜਾਬੀ ਲੋਕ ਧੁਨਾਂ ਅਤੇ ਕਲਾਸੀਕਲ ਗਾਇਕੀ ਦੀਆਂ ਖੂਬਸੂਰਤ ਬੰਦਸ਼ਾਂ ਦੇ ਮੇਲ ਨਾਲ ਅਜਿਹਾ ਸੰਗੀਤ ਰਚਿਆ ਜਿਸ ਨੂੰ ਸੁਣਨ ਲਈ ਉਸ ਨੂੰ ਮਹਿਫ਼ਲਾਂ, ਸੰਗੀਤਕ ਪ੍ਰੋਗਰਾਮਾਂ ਅਤੇ ਮੇਲਿਆਂ ਵਿੱਚ ਸੱਦਿਆ ਜਾਣ ਲੱਗਾ। ਵੰਡ ਤੋਂ ਬਾਅਦ ਤੁਫ਼ੈਲ ਪਾਕਿਸਤਾਨ ਚਲਾ ਗਿਆ ਜਿੱਥੇ ਉਹ ਰੇਡੀਓ, ਟੈਲੀਵਿਜ਼ਨ ਦੇ ਸੰਗੀਤਕ ਪ੍ਰੋਗਰਾਮਾਂ ਵਿੱਚ ਲੰਮਾ ਸਮਾਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਦਾ ਰਿਹਾ।

ਕਪੂਰਥਲਾ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਤੁਫ਼ੈਲ ਨਿਆਜ਼ੀ ਦਾ ਜਨਮ 1916 ਵਿੱਚ ਜ਼ਿਲ੍ਹਾ ਜਲੰਧਰ ਦੇ ਪਿੰਡ ਮੰਡੇਰਾਂ ਵਿੱਚ ਪਖਾਵਜੀਆਂ ਦੇ ਘਰਾਣੇ ਵਿੱਚ ਹਾਜ਼ੀ ਰਹੀਮ ਬਖ਼ਸ਼ ਦੇ ਘਰ ਹੋਇਆ। ਉਸ ਦੇ ਪਿਓ-ਦਾਦੇ ਤੋਂ ਵੀ ਪਹਿਲਾਂ ਦੇ ਵੱਡੇ ਵਡੇਰੇ ਬਜ਼ੁਰਗ ਮੁਸਲਿਮ ਰਬਾਬੀ ਜੋ ਗੁਰਬਾਣੀ ਕੀਰਤਨ ਕਰਦੇ ਸਨ, ਉਹ ਪਖਾਵਜ ਸਾਜ਼ ਵਜਾਇਆ ਕਰਦੇ ਸਨ। ਇਸ ਲਈ ਇਹ ਪਰਿਵਾਰ ਪਖਾਵਜੀਆਂ ਦੇ ਘਰਾਣੇ ਕਰਕੇ ਮਸ਼ਹੂਰ ਸੀ। ਇਨ੍ਹਾਂ ਦੇ ਘਰਾਣੇ ਦੇ ਕੁਝ ਮਸ਼ਹੂਰ ਪਖਾਵਜੀ ਸਨ ਬਾਬਾ ਕੱਮੀ ਖਾਨ, ਬਾਬਾ ਹਿੰਮੀ ਖਾਨ, ਬਾਬਾ ਭੋਲੇ, ਬਾਬਾ ਮੌਲਾ ਬਖ਼ਸ਼, ਬਾਬਾ ਸੰਧੀ, ਬਾਬਾ ਪਲਾਸੀ, ਬਾਬਾ ਭੋਪਾ ਅਤੇ ਆਖਰੀ ਪਖਾਵਜੀ ਸਨ ਤੁਫ਼ੈਲ ਦੇ ਚਾਚਾ ਕਰਮਦੀਨ। ਉਨ੍ਹਾਂ ਤੋਂ ਬਾਅਦ ਇਸ ਖਾਨਦਾਨ ਵਿੱਚ ਪਖਾਵਜ ਵਜਾਉਣ ਵਾਲੇ ਹੋਰ ਸਾਜ਼ੀ ਨਹੀਂ ਰਹੇ। ਤੁਫ਼ੈਲ ਨੂੰ ਨਿੱਕੇ ਹੁੰਦਿਆਂ ਤੋਂ ਹੀ ਤਾਲ ਨਾਲੋਂ ਸੁਰ ਨਾਲ ਜ਼ਿਆਦਾ ਲਗਾਅ ਸੀ। ਇਸ ਕਰਕੇ ਉਸ ਨੇ ਪਖਾਵਜ ਵਜਾਉਣ ਦਾ ਪਿਤਾ ਪੁਰਖੀ ਕਿੱਤਾ ਅਪਣਾਉਣ ਦੀ ਬਜਾਏ ਸੁਰ ਨੂੰ ਭਾਵ ਗਾਇਕੀ ਨੂੰ ਚੁਣਿਆ। ਉਸ ਨੇ ਸੰਗੀਤ ਦੀ ਮੁੱਢਲੀ ਤਾਲੀਮ ਆਪਣੇ ਪਿਤਾ ਹਾਜ਼ੀ ਰਹੀਮ ਬਖ਼ਸ਼ ਜੋ ਧਰੁਪਦੀ ਮਰਦੰਗ (ਪਖਾਵਜ) ਦੇ ਬਹੁਤ ਵੱਡੇ ਵਾਦਕ ਸਨ, ਤੋਂ ਹਾਸਲ ਕੀਤੀ। ਅੱਠ ਸਾਲ ਦੀ ਉਮਰ ਵਿੱਚ ਤੁਫ਼ੈਲ ਨੇ ਇੱਕ ਗਾਇਕ ਵਜੋਂ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਦਿੱਤੀ। ਆਜ਼ਾਦੀ ਤੋਂ ਪਹਿਲਾਂ ਉਹ ਸਾਂਝੇ ਪੰਜਾਬ ਵਿੱਚ ਜਲੰਧਰ ਵਿਖੇ ਲੱਗਦੇ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਗਾਇਆ ਕਰਦਾ ਸੀ, ਜਿੱਥੇ ਪੂਰੇ ਭਾਰਤ ਦੇ ਕੋਨੇ ਕੋਨੇ ਤੋਂ ਸੰਗੀਤ ਘਰਾਣਿਆਂ ਦੇ ਚੋਟੀ ਦੇ ਗਾਇਕ ਆਪਣੀ ਗਾਇਕੀ ਦੇ ਫ਼ਨ ਦਾ ਮੁਜ਼ਾਹਰਾ ਕਰਕੇ ਫ਼ਖਰ ਮਹਿਸੂਸ ਕਰਦੇ ਸਨ। ਉਸ ਵੇਲੇ ਕਲਾਸੀਕਲ ਗਾਇਕੀ ਵਿੱਚ ਪੂਰੇ ਭਾਰਤ ਵਿੱਚ ਪੰਜਾਬ ਦੇ ਸੰਗੀਤਕ ਘਰਾਣਿਆਂ ਦੇ ਗਾਇਕਾਂ ਅਤੇ ਵਾਦਕਾਂ ਦੀ ਪੂਰੀ ਚੜ੍ਹਤ ਸੀ। ਤੁਫ਼ੈਲ ਨੂੰ ਸੁਰ ਨਾਲ ਪਿਆਰ ਸੀ, ਪਰ ਉਸ ਦਾ ਘਰਾਣਾ ਵਾਦਕਾਂ ਦਾ ਸੀ। ਇਸ ਲਈ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਹ ਵੀ ਪਖਾਵਜ ਹੀ ਵਜਾਏ, ਪਰ ਘਰ ਵਾਲਿਆਂ ਨੇ ਇਹ ਸੋਚ ਕੇ ਤੁਫ਼ੈਲ ਨੂੰ ਗਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ ਕਿ ਇਹ ਉਸ ਦਾ ਬਚਪਨਾ ਹੈ ਅਤੇ ਵੱਡਾ ਹੋ ਕੇ ਉਹ ਸਮਝ ਆਉਣ ’ਤੇ ਪਖਾਵਜੀਆਂ ਵਿੱਚ ਵਾਪਸ ਆ ਜਾਵੇਗਾ, ਪਰ ਤੁਫ਼ੈਲ ਆਪਣੀ ਧੁਨ ਦਾ ਪੱਕਾ ਨਿਕਲਿਆ ਤੇ ਉਹ ਸੁਰ ਨਾਲ ਹੋਰ ਗੂੜ੍ਹੀ ਸਾਂਝ ਪਾਉਂਦਾ ਗਿਆ। ਇੱਕ ਵਾਰ ਜਦੋਂ ਉਹ ਆਪਣੇ ਪਿਤਾ ਜੀ ਨਾਲ ਹਰਿਵੱਲਭ ਸੰਗੀਤ ਸੰਮੇਲਨ ਜਲੰਧਰ ਵਿੱਖੇ ਗਾਇਕ ਦੀ ਹੈਸੀਅਤ ਨਾਲ ਆਪਣੀ ਗਾਇਕੀ ਦੇ ਰੰਗ ਬਿਖੇਰਨ ਗਿਆ ਤਾਂ ਉਸ ਵਿੱਚ ਪੂਰੇ ਭਾਰਤ ਤੋਂ ਕਲਾਸੀਕਲ ਸੰਗੀਤ ਦੀਆਂ ਦਿੱਗਜ ਅਤੇ ਨਾਮਵਰ ਹਸਤੀਆਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਸੰਗੀਤ ਦੇ ਧਨੀ ਅਤੇ ਹਿੰਦੀ ਫਿਲਮ ਅਦਾਕਾਰ ਕੇ.ਐੱਲ. ਸਹਿਗਲ ਵੀ ਮੌਜੂਦ ਸਨ। ਉਸ ਦੌਰਾਨ ਤੁਫ਼ੈਲ ਨੇ ਕੇ.ਐੱਲ. ਸਹਿਗਲ ਦੇ ਸਾਹਮਣੇ ਉਨ੍ਹਾਂ ਦਾ ਹੀ ਇੱਕ ਮਸ਼ਹੂਰ ਗੀਤ ‘ਝੂਲਨਾਂ ਝੁਲਾਵੋ ਰੀ, ਅੰਬੂਆ ਕੀ ਡਾਲੀ ਪੇ ਕੋਇਲ ਬੋਲੇ’ ਏਨੀ ਖੂਬਸੂਰਤੀ ਨਾਲ ਗਾਇਆ ਕਿ ਕੇ.ਐੱਲ. ਸਹਿਗਲ ਨੇ ਖੁਸ਼ ਹੋ ਕੇ ਤੁਫੈਲ ਨੂੰ ਇਨਾਮ ਵਜੋਂ 20 ਰੁਪਏ ਅਤੇ ਆਪਣੀ ਸ਼ੇਰਵਾਨੀ ਤੇ ਘੜੀ ਦੇ ਦਿੱਤੀ।

ਆਪਣੇ ਪਿਤਾ ਜੀ ਤੋਂ ਗਾਉਣ ਦੀ ਮੁੱਢਲੀ ਤਾਲੀਮ ਹਾਸਲ ਕਰਨ ਤੋਂ ਬਾਅਦ ਤੁਫ਼ੈਲ ਦੇ ਨਾਨਾ ਜੀ, ਜੋ ਅੰਮ੍ਰਿਤਸਰ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਰਬਾਬੀ ਵਜੋਂ ਕੀਰਤਨ ਦੀ ਸੇਵਾ ਨਿਭਾਉਂਦੇ ਸਨ, ਨੇ ਉੱਥੇ ਹੀ ਤੁਫ਼ੈਲ ਨੂੰ ਗੁਰਦੁਆਰਾ ਭੈਣੀ ਸਾਹਿਬ ਵਿਖੇ ਰਬਾਬੀ ਵਜੋਂ ਕੀਰਤਨ ਕਰਨ ਲਈ ਨੌਕਰੀ ’ਤੇ ਰਖਵਾ ਦਿੱਤਾ। ਆਜ਼ਾਦੀ ਤੋਂ ਪਹਿਲਾਂ ਸਾਂਝੇ ਪੰਜਾਬ ਵਿੱਚ ਬਹੁਤ ਸਾਰੇ ਸੰਗੀਤ ਘਰਾਣੇ ਅਜਿਹੇ ਸਨ ਜਿਨ੍ਹਾਂ ਵਿੱਚ ਇਹ ਪਰੰਪਰਾ ਸੀ ਕਿ ਉਹ ਗੁਰਬਾਣੀ ਗਾਇਨ ਕਰਨ ਪੰਜਾਬ ਦੇ ਵੱਖ ਵੱਖ ਗੁਰਦੁਆਰਿਆਂ ਵਿਖੇ ਜਾਂਦੇ ਸਨ। ਉਸ ਵੇਲੇ ਤੰਤੀ ਸਾਜ਼ਾਂ ਨਾਲ ਸ਼ੁੱਧ ਰਾਗਾਂ ਵਿੱਚ ਗੁਰਬਾਣੀ ਜਸ ਗਾਇਨ ਕਰਨ ਵਾਲੇ ਮੁਸਲਮਾਨ ਗਵੱਈਆਂ ਨੂੰ ਰਬਾਬੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਤੁਫ਼ੈਲ ਵੀ ਇੱਕ ਰਬਾਬੀ ਦੀ ਹੈਸੀਅਤ ਨਾਲ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਇਹ ਸੇਵਾ ਨਿਭਾਉਂਦੇ ਰਹੇ।

ਤਿੰਨ ਸਾਲ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿਖੇ ਰਬਾਬੀ ਵਜੋਂ ਕੀਰਤਨ ਦੀ ਸੇਵਾ ਨਿਭਾਉਣ ਤੋਂ ਬਾਅਦ ਉਹ ਆਪਣੇ ਪਿਤਾ ਜੀ ਕੋਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਗਿਆ ਜਿੱਥੇ ਉਹ ਆਪਣੇ ਪਿਤਾ ਵਾਂਗ ਗਊਸ਼ਾਲਾ ਦੇ ਇੱਕ ਅਦਾਰੇ ਜੋ ਗਊਆਂ ਦੀ ਰੱਖਿਆ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਦੇ ਸਨ, ਵਿਖੇ ਬਤੌਰ ਕਲਾਸੀਕਲ ਗਾਇਕ ਨੌਕਰੀ ਕਰਨ ਲੱਗਿਆ। ਉੱਥੇ ਤੁਫ਼ੈਲ ਆਪਣੀ ਟੋਲੀ ਨਾਲ ਪਿੰਡ ਪਿੰਡ ਜਾ ਕੇ ਗਊਆਂ ਦੀ ਰੱਖਿਆ ਕਰਨ ਦਾ ਹੋਕਾ ਦਿਆ ਕਰਦਾ ਸੀ। ਉਹ ਪਿੰਡਾਂ ਵਿੱਚ ਵਿਚਰ ਕੇ ਜਦੋਂ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗੀਤ ਗਾਉਂਦਾ ਤਾਂ ਲੋਕ ਸੁਣ ਕੇ ਅਸ਼ ਅਸ਼ ਕਰ ਉੱਠਦੇ। ਇੱਥੇ ਉਸ ਨੇ ਤਕਰੀਬਨ 4 ਸਾਲ ਕਲਾਸੀਕਲ ਗਾਇਕੀ ਦੇ ਉਸਤਾਦ ਪੰਡਿਤ ਨੱਥੂ ਰਾਮ ਬਟਾਲੇ ਵਾਲਿਆਂ ਤੋਂ ਸੰਗੀਤ ਦੀ ਤਾਲੀਮ ਵੀ ਹਾਸਲ ਕੀਤੀ ਅਤੇ ਆਪਣੀ ਨੌਕਰੀ ਵੀ ਜਾਰੀ ਰੱਖੀ। ਫਿਰ ਉਸ ਨੇ ਡਾਗਰ ਬਾਣੀ ਦੇ ਪੈਰੋਕਾਰ ਕਪੂਰਥਲਾ ਘਰਾਣੇ ਦੇ ਸੰਗੀਤ ਉਸਤਾਦ ਮੀਆਂ ਵਲੀ ਮੁਹੰਮਦ ਤੋਂ ਕਪੂਰਥਲਾ ਘਰਾਣੇ ਦੀ ਗਾਇਕੀ ਡਾਗਰ ਬਾਣੀ ਵਿੱਚ ਮੁਹਾਰਤ ਹਾਸਲ ਕੀਤੀ।

ਇਸ ਤਰ੍ਹਾਂ ਉਹ ਕਪੂਰਥਲਾ ਸੰਗੀਤ ਘਰਾਣੇ ਦੇ ਵਾਰਿਸ ਬਣੇ ਜਿਨ੍ਹਾਂ ਨੇ ਤਾਉਮਰ ਇਸ ਘਰਾਣੇ ਦੀ ਸੰਗੀਤਕ ਸ਼ੈਲੀ ਦੀ ਪਵਿੱਤਰਤਾ ਨੂੰ ਬਣਾਈ ਰੱਖਿਆ। ਗੋਇੰਦਵਾਲ ਤਕਰੀਬਨ 4 ਸਾਲ ਬਤੀਤ ਕਰਨ ਤੋਂ ਬਾਅਦ ਤੁਫ਼ੈਲ ਨੂੰ ਰਾਸਧਾਰੀਆਂ ਦੀ ਸੰਗੀਤਕ ਸ਼ੈਲੀ ਨੇ ਆਕਰਸ਼ਿਤ ਕੀਤਾ, ਜਿਸ ਵਿੱਚ ਉਹ ਭਗਵਾਨ ਕ੍ਰਿਸ਼ਨ ਦਾ ਸਵਾਂਗ ਰਚ ਕੇ ਕ੍ਰਿਸ਼ਨ ਭਗਵਾਨ ਦੀਆਂ ਲੀਲਾਵਾਂ ਦਾ ਸ਼ਾਸ਼ਤਰੀ ਸੰਗੀਤ ਜ਼ਰੀਏ ਵਿਖਿਆਨ ਕਰਦੇ ਸਨ। ਸਾਸ਼ਤਰੀ ਸੰਗੀਤ ਦੀ ਇਸ ਵਿਲੱਖਣ ਸੰਗੀਤਕ ਸ਼ੈਲੀ, ਬੰਦਸ਼ਾਂ ਨੂੰ ਸਿੱਖਣ ਲਈ ਤੁਫ਼ੈਲ ਰਾਸਧਾਰੀਆਂ ਵਿੱਚ ਜਾ ਸ਼ਾਮਲ ਹੋਇਆ। ਪੂਰੇ 2 ਸਾਲ ਤੱਕ ਉਸ ਨੇ ਰਾਸਧਾਰੀਆਂ ਨਾਲ ਰਹਿ ਕੇ ਵਰਿੰਦਾਵਨ ਸੰਗੀਤ ਦੀ ਇਸ ਸ਼ੈਲੀ ਵਿੱਚ ਵੀ ਪ੍ਰਵੀਨਤਾ ਹਾਸਲ ਕੀਤੀ।

ਰਾਸਧਾਰੀਆਂ ਨਾਲ ਦੋ ਕੁ ਸਾਲ ਬਤੀਤ ਕਰਨ ਤੋਂ ਬਾਅਦ ਉਸ ਦਾ ਅਗਲਾ ਪੜਾਅ ਸੀ ਨੋਟੰਕੀ ਵਾਲੇ। ਪਿੰਡਾਂ ਵਿੱਚ ਲੱਗਦੇ ਮੇਲਿਆਂ ਅਤੇ ਮਹਿਫ਼ਲਾਂ ਵਿੱਚ ਨੋਟੰਕੀਬਾਜ਼ ਕਈ ਤਰ੍ਹਾਂ ਦੇ ਨਾਟਕ ਖੇਡਦੇ ਜੋ ਜ਼ਿਆਦਾਤਰ ਪੰਜਾਬ ਦੀਆਂ ਲੋਕ ਦਾਸਤਾਨਾਂ, ਕਿੱਸੇ ਕਹਾਣੀਆਂ ’ਤੇ ਆਧਾਰਿਤ ਹੁੰਦੇ। ਉਨ੍ਹਾਂ ਦੀ ਨੋਟੰਕੀ ਵਿੱਚ ਸੰਗੀਤ ਦੇ ਉੱਚ ਕੋਟੀ ਦੇ ਗਵੱਈਏ ਸ਼ਾਮਲ ਹੁੰਦੇ, ਜੋ ਗਾਉਣ ਦੇ ਨਾਲ ਨੋਟੰਕੀ ਵਿੱਚ ਅਦਾਕਾਰੀ ਵੀ ਕਰਦੇ। ਤੁਫ਼ੈਲ ਜਿੱਥੇ ਉੱਚ ਕੋਟੀ ਦਾ ਗਵੱਈਆ ਸੀ, ਉੱਥੇ ਬਿਹਤਰੀਨ ਅਦਾਕਾਰ ਵੀ ਸੀ, ਸੋ ਉਹ ਵੀ ਇਸ ਨੋਟੰਕੀ ਵਿੱਚ ਸ਼ਾਮਲ ਹੋ ਗਿਆ। ਨੋਟੰਕੀ ਅਤੇ ਥੀਏਟਰ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਸ ਨੇ ਅਖੀਰ ਆਪਣੀ ਇੱਕ ਸੰਗੀਤਕ ਟੋਲੀ ਬਣਾਈ। ਉਸ ਟੋਲੀ ਵਿੱਚ ਪੰਜਾਬ ਦੇ ਲੋਕ ਸਾਜ਼ ਬੁਗਚੂ, ਅਲਗੋਜ਼ੇ, ਚਿਮਟਾ, ਘੜਾ, ਢੱਡ, ਸਾਰੰਗੀ ਆਦਿ ਨੂੰ ਵਜਾਉਣ ਵਾਲੇ ਮਾਹਿਰ ਸ਼ਾਮਲ ਸਨ। ਉਸ ਜ਼ਮਾਨੇ ਵਿੱਚ ਕਲਾਸੀਕਲ ਗਾਇਕੀ ਦੇ ਨਾਲ ਨਾਲ ਪੰਜਾਬੀ ਲੋਕ ਸੰਗੀਤ ਜਿਨ੍ਹਾਂ ਵਿੱਚ ਲੋਕ ਦਾਸਤਾਨਾਂ, ਢੋਲੇ, ਮਾਹੀਏ, ਕਿੱਸੇ, ਵਾਰਾਂ, ਹੀਰ ਦੀ ਕਲੀ ਅਤੇ ਲੋਕ ਗੀਤਾਂ ਨੂੰ ਆਪਣੇ ਕਲਾਸੀਕਲ ਰੰਗ ਵਿੱਚ ਅਤੇ ਲੋਕ ਧੁਨਾਂ ਦੇ ਮੇਲ ਵਾਲੇ ਖਾਸ ਅੰਦਾਜ਼ ਵਿੱਚ ਗਾਉਣ ਦੀ ਜੋ ਮੁਹਾਰਤ ਤੁਫ਼ੈਲ ਕੋਲ ਸੀ, ਉਹ ਹੋਰ ਕਿਸੇ ਗਵੱਈਏ ਕੋਲ ਸ਼ਾਇਦ ਹੀ ਹੋਵੇ।

ਪੰਜਾਬ ਦੀ ਧਰਤੀ ਦਾ ਜਾਇਆ ਜਿਸ ਨੇ ਮੰਦਿਰ ਵਿੱਚ ਭਜਨ ਵੀ ਗਾਏ, ਗੁਰਦੁਆਰੇ ਵਿੱਚ ਕੀਰਤਨ ਕੀਤਾ, ਰਾਸਧਾਰੀਆਂ ਨਾਲ ਸ੍ਰੀ ਕ੍ਰਿਸ਼ਨ ਭਗਵਾਨ ਅਤੇ ਦੇਵੀ ਦੇਵਤਿਆਂ ਦੀ ਮਹਿਮਾ ਗਾਈ, ਗਊਆਂ ਦੀ ਰੱਖਿਆ ਦਾ ਹੋਕਾ ਵੀ ਦਿੱਤਾ, ਅਖੀਰ 1947 ਦੀ ਫ਼ਿਰਕੂ ਹਨੇਰੀ ਅੱਗੇ ਟਿਕ ਨਾ ਸਕਿਆ। ਮੁਸਲਮਾਨ ਹੋਣ ਕਰਕੇ ਉਸ ਨੂੰ ਆਪਣੀ ਜਨਮ ਭੋਂਇ ਛੱਡ ਕੇ ਪਾਕਿਸਤਾਨ ਜਾਣਾ ਪਿਆ। ਉਸ ਨੇ ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਹਿਰ ਮੁਲਤਾਨ ਵਿੱਚ ਪਾਕ ਦਰਵਾਜ਼ੇ ਕੋਲ ਪੂਰੀ ਗਲੀ ਆਪਣੇ ਪਰਿਵਾਰ ਲਈ ਅਲਾਟ ਕਰਵਾ ਲਈ। ਵੰਡ ਦੀ ਮਾਰਧਾੜ, ਕਤਲੋ ਗਾਰਤ ਤੇ ਉੱਜੜੇ ਲੋਕਾਂ ਨੂੰ ਦੇਖ ਕੇ ਤੁਫ਼ੈਲ ਕੁਝ ਸਮੇਂ ਲਈ ਭੁੱਲ ਗਿਆ ਕਿ ਉਹ ਬਹੁਤ ਵੱਡਾ ਗਵੱਈਆ ਹੈ। ਪਰਿਵਾਰ ਦਾ ਪੇਟ ਪਾਲਣ ਲਈ ਉਸ ਨੇ ਆਪਣੀ ਗਲੀ ਵਿੱਚ ਹੀ ਹਲਵਾਈ ਦੀ ਇੱਕ ਦੁਕਾਨ ਖੋਲ੍ਹ ਲਈ ਜਿੱਥੇ ਉਹ ਦੁੱਧ, ਦਹੀਂ ਵੇਚਣ ਲੱਗਾ। ਦਿਨਾਂ ਵਿੱਚ ਹੀ ਉਸ ਦੀ ਦੁਕਾਨ ਵਾਹਵਾ ਚੱਲ ਨਿਕਲੀ। ਅਜੇ ਉਸ ਨੂੰ ਦੁਕਾਨ ਖੋਲ੍ਹੀ ਨੂੰ ਦੋ ਢਾਈ ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਉਸ ਦੀ ਦੁਕਾਨ ’ਤੇ ਪੁਲੀਸ ਦਾ ਇੱਕ ਅਫ਼ਸਰ ਐੱਸ. ਐੱਚ. ਓ. ਖੁਸ਼ੀ ਮੁਹੰਮਦ ਚੌਧਰੀ ਆਇਆ। ਉਸ ਨੇ ਤੁਫ਼ੈਲ ਨੂੰ ਜਦੋਂ ਵੇਖਿਆ ਤਾਂ ਉਹ ਪਛਾਣ ਗਿਆ ਕਿ ਇਹ ਤਾਂ ਮਸ਼ਹੂਰ ਗਾਇਕ ਮੁਹੰਮਦ ਤੁਫੈਲ ਹੈ। ਉਸ ਨੇ ਤੁਫ਼ੈਲ ਨੂੰ ਕਿਹਾ ਕਿ ਤੁਸੀਂ ਪੰਜਾਬੀ ਲੋਕ ਗਾਇਕੀ ਦੀ ਬਹੁਤ ਵੱਡੀ ਹਸਤੀ ਹੋ, ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਇਸ ਤਰ੍ਹਾਂ ਆਪਣੇ ਹੁਨਰ ਨੂੰ ਅਜਾਈਂ ਗਵਾਓ। ਉਸ ਨੇ ਤੁਫੈਲ ਨੂੰ ਦੁਬਾਰਾ ਗਾਉਣ ਲਈ ਪ੍ਰੇਰਿਤ ਕੀਤਾ। ਖੁਸ਼ੀ ਮੁਹੰਮਦ ਚੌਧਰੀ ਉਸ ਦੀ ਗਾਇਕੀ ਦਾ ਬਹੁਤ ਵੱਡਾ ਕਦਰਦਾਨ ਸੀ। ਚੌਧਰੀ ਨੇ ਨਾਲੇ ਤਾਂ ਤੁਫ਼ੈਲ ਲਈ ਸਾਜ਼ਾਂ ਦਾ ਪ੍ਰਬੰਧ ਕਰ ਕੇ ਦਿੱਤਾ ਅਤੇ ਨਾਲ ਹੀ ਉਸ ਦੀ ਗਾਇਕੀ ਦੀ ਦੁਬਾਰਾ ਸ਼ੁਰੂਆਤ ਲਈ ਆਪਣੇ ਦੋਸਤਾਂ ਨਾਲ ਮਿਲ ਕੇ ਇੱਕ ਸੰਗੀਤਕ ਪ੍ਰੋਗਰਾਮ ਵੀ ਰੱਖ ਲਿਆ। ਤੁਫ਼ੈਲ ਨੇ ਆਪਣੀ ਸੰਗੀਤਕ ਟੋਲੀ ਬਣਾਉਣ ਲਈ ਕੁਝ ਪੁਰਾਣੇ ਸਾਥੀ ਤੇ ਕੁਝ ਨਵੇਂ ਸਾਥੀ ਸਾਜ਼ਿੰਦਿਆਂ ਨੂੰ ਲੱਭਿਆ ਤੇ ਆਪਣੇ ਨਾਲ ਗਾਉਣ ਲਈ ਤਿਆਰ ਕੀਤਾ। ਆਪਣੀ ਨਵੀਂ ਬਣੀ ਸੰਗੀਤਕ ਟੋਲੀ ਨਾਲ ਉਸ ਨੇ ਮੁਲਤਾਨ ਵਿੱਚ ਆਪਣੇ ਪਹਿਲੇ ਸੰਗੀਤਕ ਪ੍ਰੋਗਰਾਮ ਵਿੱਚ ਆਪਣੇ ਖੂਬਸੂਰਤ ਗੀਤਾਂ ਨਾਲ ਸੁਣਨ ਵਾਲਿਆਂ ਦਾ ਭਰਭੂਰ ਮਨੋਰੰਜਨ ਕੀਤਾ। ਲੋਕਾਂ ਦੇ ਪਿਆਰ ਦੇ ਨਾਲ ਨਾਲ ਉਸ ਨੂੰ ਇਸ ਪ੍ਰੋਗਰਾਮ ਤੋਂ ਕਾਫ਼ੀ ਪੈਸੇ ਵੀ ਪ੍ਰਾਪਤ ਹੋਏ। ਇਸ ਤਰ੍ਹਾਂ ਉਸ ਨੇ ਪਾਕਿਸਤਾਨ ਵਿੱਚ ਫਿਰ ਤੋਂ ਆਪਣੇ ਸੰਗੀਤਕ ਸਫ਼ਰ ਦਾ ਆਗਾਜ਼ ਕੀਤਾ।

ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਸ ਦੀ ਗਾਇਕੀ ਦਾ ਰੰਗ ਗੂੜ੍ਹਾ ਹੁੰਦਾ ਗਿਆ। ਸਾਰੇ ਪਾਕਿਸਤਾਨ ਵਿੱਚ ਉਸ ਨੂੰ ਜਾਣਿਆ ਜਾਣ ਲੱਗਾ। ਆਪਣੇ ਗਾਉਣ ਦੇ ਖ਼ਾਸ ਅੰਦਾਜ਼ ਕਰਕੇ ਉਸ ਨੂੰ ਪਾਕਿਸਤਾਨ ਦੇ ਨਾਮਵਰ ਕਲਾਸੀਕਲ ਗਾਇਕੀ ਦੇ ਵੱਡੇ ਵੱਡੇ ਉਸਤਾਦ ਜਿਨ੍ਹਾਂ ਵਿੱਚ ਸਲਾਮਤ ਅਲੀ ਖਾਂ, ਮਹਿਦੀ ਹਸਨ, ਨੂਰਜਹਾਂ ਅਤੇ ਹੋਰ ਬਹੁਤ ਸਾਰੇ ਨਾਮਵਰ ਗਾਇਕ ਅਤੇ ਲੋਕ ਗਾਇਕ ਸ਼ੌਕ ਨਾਲ ਸੁਣਿਆ ਕਰਦੇ ਸਨ। ਉਹ ਫ਼ਨਕਾਰਾਂ ਦਾ ਵੀ ਪਸੰਦੀਦਾ ਫ਼ਨਕਾਰ ਬਣ ਗਿਆ ਸੀ। ਰੇਡੀਓ ਦੇ ਪ੍ਰੋਗਰਾਮਾਂ ਵਿੱਚ ਉਸ ਦੇ ਗੀਤ ਪ੍ਰਸਾਰਿਤ ਕੀਤੇ ਜਾਣ ਲੱਗੇ। ਮੇਲਿਆਂ, ਦਰਗਾਹਾਂ ਅਤੇ ਮਹਿਫ਼ਲਾਂ ਵਿੱਚ ਉਸ ਦੀ ਗਾਇਕੀ ਨੂੰ ਉਚੇਚੇ ਤੌਰ ’ਤੇ ਸੁਣਨ ਲਈ ਲੋਕ ਦੂਰੋਂ ਦੂਰੋਂ ਆਉਣ ਲੱਗੇ। ਜਦ 26 ਨਵੰਬਰ 1966 ਵਿੱਚ ਲਾਹੌਰ ਟੈਲੀਵਿਜ਼ਨ ਨੇ ਆਪਣੇ ਪ੍ਰਸਾਰਨ ਦੀ ਸ਼ੁਰੂਆਤ ਕੀਤੀ ਤਾਂ ਤੁਫ਼ੈਲ ਨਿਆਜ਼ੀ ਪਹਿਲਾ ਪੰਜਾਬੀ ਲੋਕ ਗਾਇਕ ਸੀ ਜਿਸ ਨੇ ਆਪਣੀ ਪੂਰੀ ਮੰਡਲੀ ਨਾਲ ਅਤੇ ਪੰਜਾਬੀ ਲੋਕ ਸਾਜ਼ਾਂ ਨਾਲ ਟੀ.ਵੀ. ’ਤੇ ਪਹਿਲੀ ਵਾਰ ਪ੍ਰੋਗਰਾਮ ਪੇਸ਼ ਕੀਤਾ। ਉਸ ਗੀਤ ਦੇ ਬੋਲ ਸਨ, ‘ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟ ਗਈ ਤੜੱਕ ਕਰ ਕੇ’ ਜੋ ਬੇਹੱਦ ਮਕਬੂਲ ਹੋਇਆ। ਇਸੇ ਮਕਬੂਲੀਅਤ ਦੇ ਚੱਲਦੇ ਬਹੁਤ ਸਾਲਾਂ ਬਾਅਦ ਗੁਰਦਾਸ ਮਾਨ ਨੇ ਵੀ ਇਸੇ ਗੀਤ ਨੂੰ ਦੁਬਾਰਾ ਗਾਇਆ। ਇਸ ਤਰ੍ਹਾਂ ਤੁਫ਼ੈਲ ਨਿਆਜ਼ੀ ਉਹ ਲੋਕ ਗਾਇਕ ਸੀ ਜਿਸ ਨੂੰ ਪੀ.ਟੀ.ਵੀ. ਦਾ ਪਹਿਲਾ ਗਾਇਕ ਕਲਾਕਾਰ ਹੋਣ ਦਾ ਮਾਣ ਪ੍ਰਾਪਤ ਹੈ। ਉਸ ਨੇ 1970ਵਿਆਂ ਦੇ ਦਹਾਕੇ ਦੇ ਪਹਿਲੇ ਸਾਲਾਂ ਵਿੱਚ ਪੀ.ਟੀ.ਵੀ. ਦੇ ਮਸ਼ਹੂਰ ਪ੍ਰੋਗਰਾਮ ‘ਲੋਕ ਤਮਾਸ਼ਾ’ ਵਿੱਚ ਬਤੌਰ ਕੰਪੋਜ਼ਰ ਅਤੇ ਗਾਇਕ ਕੰਮ ਵੀ ਕੀਤਾ ਸੀ ਜੋ ਬੇਹੱਦ ਮਕਬੂਲ ਹੋਇਆ ਸੀ। ਉਸ ਪ੍ਰੋਗਰਾਮ ਵਿੱਚ ਤੁਫ਼ੈਲ ਨਿਆਜ਼ੀ ਨੇ ਨਾਮਵਰ ਗਾਇਕਾਵਾਂ ਨਾਹੀਦ ਅਖ਼ਤਰ ਅਤੇ ਰੇਸ਼ਮਾ ਕੋਲੋਂ ਪਹਿਲੀ ਵਾਰ ਗੀਤ ਗਵਾਇਆ ਸੀ ਜਿਨ੍ਹਾਂ ਨੇ ਬਾਅਦ ਵਿੱਚ ਗਾਇਕੀ ਦੇ ਖੇਤਰ ਵਿੱਚ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੂਹਿਆ। ‘ਲੋਕ ਤਮਾਸ਼ਾ’ ਪ੍ਰੋਗਰਾਮ ਲਈ ਤੁਫ਼ੈਲ ਨਿਆਜ਼ੀ ਨੇ ਪੰਜਾਬੀ ਗੀਤਾਂ ਦੀਆਂ ਬਿਹਤਰੀਨ ਧੁਨਾਂ ਤਰਤੀਬ ਕੀਤੀਆਂ।

ਲਹਿੰਦੇ ਪੰਜਾਬ ਦੇ ਦੂਰ ਦੂਰਾਡੇ ਦੇ ਇਲਾਕਿਆਂ ਵਿੱਚ ਘੁੰਮ ਕੇ ਲੋਕ ਗੀਤਾਂ ਦੇ ਖ਼ਜ਼ਾਨੇ ਨੂੰ ਇਕੱਠਾ ਕੀਤਾ ਅਤੇ ਨਾਲ ਹੀ ਤਕਰੀਬਨ 148 ਆਵਾਜ਼ਾਂ ਵੀ ਲੱਭ ਕੇ ਲੋਕਾਂ ਸਾਹਮਣੇ ਪੇਸ਼ ਕੀਤੀਆਂ। ਉਸ ਨੇ ਲੰਬਾ ਸਮਾਂ ਲੋਕ ਵਿਰਸਾ ਇਸਲਾਮਾਬਾਦ ਵਿੱਚ ਬਤੌਰ ਕੰਪੋਜ਼ਰ ਵੀ ਕੰਮ ਕੀਤਾ।

ਤੁਫ਼ੈਲ ਨਿਆਜ਼ੀ ਇੱਕ ਦਰਵੇਸ਼ ਗਾਇਕ ਸੀ ਜੋ ਅਕਸਰ ਸੂਫ਼ੀਆਂ, ਪੀਰਾਂ, ਔਲੀਆਂ ਦੀਆਂ ਦਰਗਾਹਾਂ ’ਤੇ ਹਾਜ਼ਰੀ ਭਰਦਾ ਸੀ। ਬਹੁਤ ਘੱਟ ਲੋਕ ਜਾਣਦੇ ਹੋਣੇ ਕਿ ਨਿਆਜ਼ੀ ਉਸ ਦੀ ਜਾਤ ਨਹੀਂ, ਉਂਜ ਨਿਆਜ਼ੀ ਪਸ਼ਤੂਨ ਕਬੀਲੇ ਦੇ ਪਠਾਨ ਹੁੰਦੇ ਹਨ। ਦਰਅਸਲ, ਇਹ ਨਾਂ ਪੀ.ਟੀ.ਵੀ. ਦੇ ਸੀਨੀਅਰ ਨਿਰਮਾਤਾ ਅਤੇ ਮੈਨੇਜਿੰਗ ਡਾਇਰੈਕਟਰ ਅਸਲਮ ਅਜ਼ਹਰ ਨੇ ਦਿੱਤਾ ਸੀ ਕਿਉਂਕਿ ਤੁਫੈਲ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਪੀਰ ਦਾ ਨਾਂ ਪੀਰ ਨਿਆਜ਼ ਅਲੀ ਸ਼ਾਹ ਹੈ ਤਾਂ ਉਨ੍ਹਾਂ ਦੇ ਨਾਂ ਤੋਂ ਹੀ ਮੁਹੰਮਦ ਤੁਫ਼ੈਲ, ਤੁਫ਼ੈਲ ਨਿਆਜ਼ੀ ਬਣ ਗਿਆ।

ਪੂਰੀ ਜ਼ਿੰਦਗੀ ਤੁਫ਼ੈਲ ਨਿਆਜ਼ੀ ਨੇ ਅਣਗਿਣਤ ਹਿੱਟ ਗੀਤ ਗਾਏ। ਜਿੱਥੇ ਉਸ ਨੇ ਪੰਜਾਬੀ ਲੋਕ ਗੀਤ ਆਪਣੇ ਖ਼ਾਸ ਅੰਦਾਜ਼ ਵਿੱਚ ਗਾਏ, ਉੱਥੇ ਅਜਿਹੇ ਗੀਤ ਵੀ ਗਾਏ ਜਿਨ੍ਹਾਂ ਵਿੱਚ ਉਸ ਦੀ ਆਵਾਜ਼ ਵਿਚਲਾ ਦਰਦ ਉਸ ਗੀਤ ਨੂੰ ਸੁਣਨ ਵਾਲੇ ਦੀ ਰੂਹ ਤੱਕ ਨੂੰ ਝੰਜੋੜ ਜਾਂਦਾ। ਤੁਫੈਲ ਦਾ ਇੱਕ ਸਦਾਬਹਾਰ ਗੀਤ ‘ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ, ਅਸਾਂ ਉੱਡ ਜਾਣਾ” ਜਿਸ ਵਿੱਚ ਧੀ ਨੂੰ ਸਹੁਰੇ ਘਰ ਤੋਰਨ ਲੱਗੇ ਬਾਪ ਦੇ ਦਿਲ ਦੀ ਸਥਿਤੀ ਅਤੇ ਧੀ ਦੇ ਆਪਣੇ ਮਾਂ-ਬਾਪ ਦੇ ਘਰ ਨੂੰ ਛੱਡ ਕੇ ਸਹੁਰੇ ਘਰ ਤੁਰ ਜਾਣ ਵੇਲੇ ਦਾ ਦੁੱਖ ਬਿਆਨ ਕੀਤਾ ਗਿਆ ਹੈ। ਇਸ ਨੂੰ ਇੰਨੀ ਗਹਿਰਾਈ ਅਤੇ ਰੂਹ ਨਾਲ ਗਾਇਆ ਗਿਆ ਹੈ ਕਿ ਸੁਣਨ ਵਾਲੀ ਹਰ ਅੱਖ ਨਮ ਹੋ ਜਾਂਦੀ ਹੈ। ਉਂਜ ਤਾਂ ਤਾਉਮਰ ਤੁਫ਼ੈਲ ਨਿਆਜ਼ੀ ਨੇ ਹਜ਼ਾਰਾਂ ਗੀਤ ਗਾਏ, ਪਰ ਟੀਵੀ, ਰੇਡੀਓ, ਫਿਲਮਾਂ ’ਚ ਗਾਏ ਗੀਤ ਮਿਲਾ ਕੇ ਉਸ ਦੇ ਰਿਕਾਰਡ ਹੋਏ ਗੀਤਾਂ ਦੀ ਕੁੱਲ ਗਿਣਤੀ 4700 ਦੇ ਕਰੀਬ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

* ਵੇ ਤੂੰ ਨੇੜੇ ਨੇੜੇ ਵੱਸ ਵੇ ਢੋਲਣ ਹੋ ਯਾਰ

* ਗੱਲ ਸੁਣ ਜਾ ਕੁੜੀਏ ਮੁਟਿਆਰੇ

* ਵੇ ਮੈਂ ਨਈ ਜਾਣਾ ਖੇੜਿਆਂ ਦੇ ਨਾਲ

* ਕਦੇ ਆ ਵੇ ਮਾਹੀ ਗਲ਼ ਲੱਗ ਵੇ

* ਅੱਖੀਆਂ ਨੂੰ ਅੱਖੀਆਂ ਵੇਖਣ ਆਈਆਂ

* ਰਾਂਝਾ ਜੋਗੜਾ ਬਣ ਆਇਆ

* ਭੱਠੀ ਵਾਲੀਏ ਚੰਬੇ ਦੀਏ ਡਾਲੀਏ

* ਸ਼ਾਰਵਾਨਾ ਮਿਹਰਵਾਨਾਂ ਰਾਹੀਆ

* ਜੋਬਨ ਦੇ ਹਰ ਜੱਲ੍ਹੇ ਕੋਲੋਂ ਬਚ ਹੁੰਦਾ ਤੇ ਬਚ ਕੁੜੇ

* ਕਰ ਕੇ ਕਰਾਰ ਕਰਾਰ ਸੱਭੇ ਭੁੱਲਿਆ

* ਮੇਰਾ ਸੋਹਣਾ ਸੱਜਣ ਘਰ ਆਇਆ

* ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟ ਗਈ ਤੜੱਕ ਕਰ ਕੇ

* ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ

* ਵੇ ਤੂੰ ਛੱਡਿਆ ਤਾਂ ਮਰ ਵੈਸਾਂ

ਉਹ 1981 ਵਿੱਚ ਭਾਰਤ ਦੀ ਫੇਰੀ ’ਤੇ ਪਹਿਲੀ ਵਾਰ ਆਇਆ। ਕਪੂਰਥਲਾ ਰਿਆਸਤ ਅਤੇ ਪਟਿਆਲਾ ਰਿਆਸਤ ਦੇ ਵਾਰਿਸ ਸ਼ਾਹੀ ਪਰਿਵਾਰਾਂ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਫੇਰੀ ਦੌਰਾਨ ਤੁਫੈਲ ਨੇ ਕਪੂਰਥਲਾ, ਪਟਿਆਲਾ, ਜਲੰਧਰ, ਦਿੱਲੀ ਅਤੇ ਮੁੰਬਈ ਵਿੱਚ ਆਪਣੇ ਫ਼ਨ ਦਾ ਪ੍ਰਦਰਸ਼ਨ ਕੀਤਾ। ਹਰ ਮਹਿਫ਼ਲ ਵਿੱਚ ਉਸ ਨੂੰ ਅੰਤਾਂ ਦਾ ਪਿਆਰ ਮਿਲਿਆ। ਉਸ ਨੂੰ ਜਲੰਧਰ ਵਿਖੇ ਕੇ.ਐੱਲ. ਸਹਿਗਲ ਐਵਾਰਡ, ਦਿੱਲੀ ਵਿਖੇ ਹਜ਼ਰਤ ਅਮੀਰ ਖੁਸਰੋ ਐਵਾਰਡ, ਕਪੂਰਥਲਾ ਰਿਆਸਤ ਵੱਲੋਂ ਸ਼ੀਲਡ ਅਤੇ ਮੁੰਬਈ ਵਿਖੇ ਉਸਤਾਦ ਮੀਰ ਅਹਿਮਦ ਖਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 23 ਮਾਰਚ 1983 ਨੂੰ ਹਕੂਮਤੇ ਪਾਕਿਸਤਾਨ ਵੱਲੋਂ ਉਸ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ ਪ੍ਰਾਈਡ ਆਫ਼ ਪ੍ਰਫਾਰਮੈਂਸ ਦਿੱਤਾ ਗਿਆ। ਉਸ ਨੇ ਕੁਝ ਪਾਕਿਸਤਾਨੀ ਫਿਲਮਾਂ ਦਾ ਸੰਗੀਤ ਵੀ ਦਿੱਤਾ।

ਤੁਫ਼ੈਲ ਦੀ ਗਾਇਕੀ ਨੂੰ ਉਸ ਦੇ ਦੋ ਵੱਡੇ ਪੁੱਤਰਾਂ ਬਾਬਰ ਨਿਆਜ਼ੀ ਅਤੇ ਜਾਵੇਦ ਨਿਆਜ਼ੀ ਨੇ ਅੱਗੇ ਵਧਾਇਆ। ਜਾਵੇਦ ਨਿਆਜ਼ੀ ਤਾਂ ਬਿਲਕੁਲ ਆਪਣੇ ਪਿਤਾ ਦੀ ਸੰਗੀਤਕ ਸ਼ੈਲੀ ਵਿੱਚ ਹੀ ਗਾਉਂਦੇ ਹਨ। ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਤੁਫ਼ੈਲ ਨਿਆਜ਼ੀ 21 ਸਤੰਬਰ 1990 ਨੂੰ ਦੁਨੀਆ ਛੱਡ ਗਏ। ਸੰਗੀਤ ਦੀ ਦੁਨੀਆ ਵਿੱਚ ਤੁਫ਼ੈਲ ਨਿਆਜ਼ੀ ਦਾ ਨਾਂ ਹਮੇਸ਼ਾਂ ਅਮਰ ਰਹੇਗਾ।

ਸੰਪਰਕ: 94646-28857

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All