ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਾਮ ’ਤੇ ਠੱਗੀ; ਐੱਸਡੀਐੱਮ ਨੂੰ ਸ਼ਿਕਾਇਤ

ਸ਼ਿਕਾਇਤਕਰਤਾ ਨੇ ‘ਆਪ’ ਆਗੂ ’ਤੇ ਪੈਸੇ ਠੱਗਣ ਦੇ ਦੋਸ਼ ਲਾਏ
Advertisement

ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 20 ਜੂਨ

Advertisement

ਰਾਜਪੁਰਾ ਵਾਸੀ ਇਕ ਵਿਅਕਤੀ ਨੇ ਆਮ ਆਦਮੀ ਪਾਰਟੀ ਦੇ ਇੱਕ ਜ਼ਿਲ੍ਹਾ ਜੁਆਇੰਟ ਸਕੱਤਰ ਖ਼ਿਲਾਫ਼ ਮਿੰਨੀ ਸਕੱਤਰੇਤ ’ਚ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਨਾਮ ’ਤੇ 4 ਹਜ਼ਾਰ ਰੁਪਏ ਠੱਗਣ ਦੇ ਦੋਸ਼ ਲਾਉਂਦਿਆਂ ਕਾਰਵਾਈ ਲਈ ਐੱਸਡੀਐੱਮ ਰਾਜਪੁਰਾ ਨੂੰ ਸ਼ਿਕਾਇਤ ਦਿੱਤੀ ਹੈ। ਭੁਪਿੰਦਰ ਸ਼ਰਮਾ ਵਾਸੀ ਮੁਹੱਲਾ ਆਹਲੂਵਾਲੀਆ ਪੁਰਾਣਾ ਰਾਜਪੁਰਾ ਨੇ ਸ਼ਿਕਾਇਤ ’ਚ ਲਿਖਿਆ ਕਿ ਸੰਦੀਪ ਕੁਮਾਰ ਨਾਮ ਦੇ ਇਕ ਕਥਿਤ ਦਲਾਲ ਨੇ ਦਸੰਬਰ 2024 ਵਿਚ ਪੱਕਾ ਲਾਇਸੈਂਸ ਬਣਾਉਣ ਦੇ 4000 ਰੁਪਏ ਲੈ ਲਏ ਪਰ ਹਾਲੇ ਤੱਕ ਲਾਇਸੈਂਸ ਬਣਵਾ ਕੇ ਨਹੀਂ ਦਿੱਤਾ ਜਦਕਿ ਉਸ ਦਾ ਲਰਨਿੰਗ ਲਾਇਸੈਂਸ ਪਹਿਲਾਂ ਹੀ ਬਣਿਆ ਹੋਇਆ ਸੀ। ਸ਼ਿਕਾਇਤਕਰਤਾ ਮੁਤਾਬਕ ਉਕਤ ਦਲਾਲ ਹੁਣ ਉਸ ਦੇ ਪੈਸੇ ਵੀ ਨਹੀਂ ਮੋੜ ਰਿਹਾ। ਸ਼ਰਮਾ ਨੇ ਦੱਸਿਆ ਕਿ ਉਸ ਨੇ ਮਿੰਨੀ ਸਕੱਤਰੇਤ ਲਾਇਸੈਂਸ ਹੋਲਡਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਨੂੰ ਵੀ ਉਕਤ ਸੰਦੀਪ ਕੁਮਾਰ ਖ਼ਿਲਾਫ਼ ਕਾਰਵਾਈ ਲਈ ਸ਼ਿਕਾਇਤ ਦਿੱਤੀ ਹੈ। ਸ਼ਰਮਾ ਨੇ ਦੱਸਿਆ ਕਿ ਸੰਦੀਪ ਕੁਮਾਰ ਖ਼ੁਦ ਨੂੰ ‘ਆਪ’ ਦਾ ਜ਼ਿਲ੍ਹਾ ਜੁਆਇੰਟ ਸਕੱਤਰ ਦੱਸਦਾ ਹੈ ਅਤੇ ਰਾਜਪੁਰਾ ਸ਼ਹਿਰ ’ਚ ਉਸ ਨੇ ‘ਆਪਣੇ ਅਹੁਦੇ ਦੇ ਫਲੈਕਸ ਵੀ ਲਵਾਏ ਹੋਏ ਹਨ। ਸ਼ਰਮਾ ਨੇ ਉਕਤ ਸੰਦੀਪ ਕੁਮਾਰ ਖ਼ਿਲਾਫ਼ ਕਾਰਵਾਈ ਲਈ ਐਸਡੀਐਮ ਅਤੇ ‘ਆਪ’ ਨੂੰ ਅਪੀਲ ਕੀਤੀ ਹੈ। ਇਸ ਸਬੰਧੀ ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਉਹ ਇਸ ਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਕਰਨਗੇ।

ਸੰਦੀਪ ਕੁਮਾਰ ਦੇ ਅਹੁਦੇ ਬਾਰੇ ਸੂਚੀ ਤੋਂ ਪਤਾ ਲੱਗੇਗਾ: ਮੇਘ ਚੰਦ

‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ ਨੇ ਕਿਹਾ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਉਹ ਠੀਕ ਹੋਣ ਤੋਂ ਬਾਅਦ ਲਿਸਟ ਦੇਖ ਕੇ ਦੱਸ ਸਕਦੇ ਹਨ ਕਿ ਸੰਦੀਪ ਕੁਮਾਰ ਅਹੁਦੇਦਾਰ ਹੈ ਜਾਂ ਉਨ੍ਹਾਂ ਨੂੰ ਅਹੁਦੇ ਤੋਂ ਫ਼ਾਰਗ ਕੀਤਾ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਿਹਾ ਕਿ ਸੰਦੀਪ ਕੁਮਾਰ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੈਂਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾ ਹੀ ਸੰਦੀਪ ਕੁਮਾਰ ਕੋਲ ਮਿੰਨੀ ਸਕੱਤਰੇਤ ਵਿਖੇ ਕੰਮ ਕਰਨ ਦਾ ਕੋਈ ਲਾਇਸੈਂਸ ਜਾਂ ਬੈਠਣ ਲਈ ਕੋਈ ਬੂਥ ਹੈ। ਉਹ ਘੁੰਮ ਫਿਰ ਕੇ ਕੰਮ ਕਰਦਾ ਹੈ।

ਦੋਸ਼ ਬੇਬੁਨਿਆਦ: ਸੰਦੀਪ ਕੁਮਾਰ

ਸੰਦੀਪ ਕੁਮਾਰ ਨੇ ਕਿਹਾ ਕਿ ਉਹ ਕਿਸੇ ਵੀ ਭੁਪਿੰਦਰ ਸ਼ਰਮਾ ਨਾਮਕ ਵਿਅਕਤੀ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਸ ਨੇ ਕਿਸੇ ਕੋਲੋਂ ਪੈਸੇ ਲਏ ਹਨ। ਉਸ ’ਤੇ ਲਾਏ ਗਏ ਇਲਜ਼ਾਮ ਝੂਠੇ ਹਨ।

Advertisement