ਜ਼ਿਲ੍ਹੇ ਵਿੱਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਸਬੰਧੀ ਪੁਲੀਸ ਨੇ ਸਬੰਧਤ ਥਾਣਿਆਂ ਵਿੱਚ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਏ ਹਨ। ਪਹਿਲਾ ਹਾਦਸਾ ਘਨੌਰ ਦੇ ਪਿੰਡ ਰੁੜਕਾ ਨੇੜੇ ਵਾਪਰਿਆ। ਇੱਥੇ ਦੋ ਮੋਟਰਸਾਈਕਲਾਂ ਦੀ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿੱਚ ਇਰਫਾਨ ਖਾਨ ਵਾਸੀ ਅਲਾਮਦੀਪੁਰ ਦੀ ਮੌਤ ਹੋ ਗਈ। ਥਾਣਾ ਮੁਖੀ ਗੁਰਮੁਖ ਸਿੰਘ ਵਿਰਕ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਜਾਰੀ ਹੈ। ਦੂਜਾ ਹਾਦਸਾ ਨੈਸ਼ਨਲ ਹਾਈਵੇਅ ’ਤੇ ਪਿੰਡ ਚਮਾਰੂ ਨੇੜੇ ਵਾਪਰਿਆ, ਜਿੱਥੇ ਅਣਪਛਾਤੇ ਵਾਹਨ ਨੇ ਰਾਹਗੀਰ ਨੂੰ ਟੱਕਰ ਮਾਰ ਦਿੱਤੀ। ਤੀਜੀ ਘਟਨਾ ਪਟਿਆਲਾ-ਸਮਾਣਾ ਰੋਡ ’ਤੇ ਪਿੰਡ ਢੈਂਠਲ ਨੇੜੇ ਵਾਪਰੀ। ਇੱਥੇ ਸੜਕ ਕਿਨਾਰੇ ਬਿਨਾਂ ਕਿਸੇ ਲਾਈਟ ਜਾਂ ਇੰਡੀਕੇਟਰ ਦੇ ਖੜ੍ਹੇ ਟਰਾਲੇ ਨਾਲ ਸਕੂਟਰ ਦੀ ਹੋ ਗਈ, ਜਿਸ ਵਿੱਚ ਤਰਸੇਮ ਸਿੰਘ ਦੀ ਮੌਤ ਹੋ ਗਈ। ਇੱਕ ਹੋਰ ਹਾਦਸੇ ਵਿੱਚ 25 ਸਾਲਾ ਨੌਜਵਾਨ ਪ੍ਰਕਾਸ਼ ਸਿੰਘ ਦੀ ਮੌਤ ਹੋ ਗਈ। ਉਸ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਜ਼ਖ਼ਮੀ ਸਾਬਕਾ ਫ਼ੌਜੀ ਦੀ ਮੌਤ
ਸਮਾਣਾ (ਪੱਤਰ ਪ੍ਰੇਰਕ): ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਸਮਾਣਾ ਨੇੜਲੇ ਪਿੰਡ ਬਾਦਸ਼ਾਹਪੁਰ ਕਾਲੇਕੀ ਦੇ ਸਾਬਕਾ ਫ਼ੌਜੀ ਲਛਮਣ ਸਿੰਘ (60) ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਵਿਕਰਮਜੀਤ ਸਿੰਘ ਅਨੁਸਾਰ, 21 ਮਈ ਸ਼ਾਮ ਨੂੰ ਉਸਦੇ ਪਿਤਾ ਖੇਤਾਂ ਵਿੱਚੋਂ ਹਰਾ-ਚਾਰਾ ਲੈ ਕੇ ਘਰ ਪਰਤ ਰਹੇ ਸਨ। ਪਿੰਡ ਤੋਂ ਬਾਹਰ ਨੌਂ ਗਜ਼ਾ ਪੀਰ ਨੇੜੇ ਮੋਟਰਸਾਈਕਲ ਬੇਕਾਬੂ ਹੋ ਕੇ ਖੇਤਾਂ ਵਿੱਚ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਏ ਅਤੇ ਅਗਲੇ ਦਿਨ ਇਲਾਜ ਦੌਰਾਨ ਦਮ ਤੋੜ ਦਿੱਤਾ।

