ਗੁਰਦੀਪ ਸਿੰਘ ਲਾਲੀ
ਸੰਗਰੂਰ, 14 ਅਗਸਤ
ਜ਼ਿਲ੍ਹਾ ਸੰਗਰੂਰ ’ਚ ਅੱਜ 4 ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋ ਇੱਕ ਮਰੀਜ਼ ਬਲਾਕ ਲੌਂਗੋਵਾਲ, ਇੱਕ ਬਲਾਕ ਕੌਹਰੀਆਂ, ਇੱਕ ਬਲਾਕ ਧੂਰੀ ਅਤੇ ਇੱੱਕ ਬਲਾਕ ਸ਼ੇਰਪੁਰ ਨਾਲ ਸਬੰਧਤ ਹੈ। ਹੁਣ ਤੱਕ ਜ਼ਿਲ੍ਹੇ ’ਚ ਮਰਨ ਵਾਲਿਆਂ ਦੀ ਗਿਣਤੀ 48 ਹੋ ਚੁੱਕੀ ਹੈ। ਅੱਜ 31 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ 18 ਤੰਦਰੁਸਤ ਹੋ ਕੇ ਘਰ ਪਰਤੇ ਹਨ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 1396 ਹੋ ਚੁੱਕੀ ਹੈ ਜਿਨ੍ਹਾਂ ’ਚੋ 1158 ਤੰਦਰੁਸਤ ਹੋ ਚੁੱਕੇ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ 190 ਹੈ ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ। ਉੱਧਰ ਪੁਲੀਸ ਲਾਈਨ ਵਿਖੇ ਅੱਠ ਪੁਲੀਸ ਮੁਲਾਜ਼ਮਾਂ ਦੇ ਕਰੋਨਾ ਪਾਜ਼ੇਟਿਵ ਆਉਣ ਕਾਰਨ ਪੁਲੀਸ ਲਾਈਨ ’ਚ ਸਾਰੇ ਦਫ਼ਤਰ ਤਿੰਨ ਦਿਨਾਂ ਲਈ ਬੰਦ ਕਰ ਦਿੱਤੇ ਹਨ ਜੋ ਕਿ ਸੋਮਵਾਰ ਨੂੰ ਖੁੱਲ੍ਹਣਗੇ।
ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਅੱਜ ਜਿਨ੍ਹਾਂ ਕਰੋਨਾ ਪੀੜਤਾਂ ਦੀ ਮੌਤ ਹੋਈ ਹੈ ਉਨ੍ਹਾਂ ’ਚ ਮੋਦਨ ਸਿੰਘ ਉਮਰ 61 ਸਾਲ ਵਾਸੀ ਪਿੰਡ ਖੇੜੀ ਬਲਾਕ ਲੌਂਗੋਵਾਲ, ਭਗਵਾਨ ਸਿੰਘ ਉਮਰ 35 ਸਾਲ ਵਾਸੀ ਪਿੰਡ ਖਡਿਆਲ ਬਲਾਕ ਕੌਹਰੀਆਂ, ਜਤਿੰਦਰ ਕੁਮਾਰ ਉਮਰ 46 ਸਾਲ ਵਾਸੀ ਧੂਰੀ ਤੇ ਅਮਰਜੀਤ ਕੌਰ ਉਮਰ 55 ਸਾਲ ਵਾਸੀ ਬਲਾਕ ਸ਼ੇਰਪੁਰ ਹਨ।
ਅੱਜ 31 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਬੀਤੀ ਰਾਤ ਪੁਲੀਸ ਲਾਈਨ ਦੇ 8 ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਅੱਜ 23 ਨਵੇਂ ਮਰੀਜ਼ਾਂ ’ਚ ਸੰਗਰੂਰ ਬਲਾਕ ਦੇ 11 ਮਰੀਜ਼, ਕੌਹਰੀਆਂ ਬਲਾਕ ਦੇ 3 ਮਰੀਜ਼, ਲੌਂਗੋਵਾਲ ਬਲਾਕ ਦੇ 3 ਮਰੀਜ਼, ਸੁਨਾਮ ਬਲਾਕ ਦੇ 2 ਮਰੀਜ਼, ਅਹਿਮਦਗੜ੍ਹ, ਭਵਾਨੀਗੜ੍ਹ, ਮਲੇਰਕੋਟਲਾ ਬਲਾਕ ਦਾ ਇੱਕ-ਇੱਕ ਮਰੀਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਅੱਜ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ 18 ਕਰੋਨਾ ਮਰੀਜ਼ ਤੰਦਰੁਸਤ ਹੋ ਕੇ ਘਰ ਪਰਤੇ ਹਨ।