ਲਹਿਰਾ ਦੇ 13 ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ
ਦੇਸ਼ ਜਾਂ ਖਿੱਤੇ ਦੇ ਵਿਕਾਸ ਵਿੱਚ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ ਅਹਿਮ ਯੋਗਦਾਨ: ਗੋਇਲ
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ 13 ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਖਿੱਤੇ ਦੇ ਵਿਕਾਸ ਵਿੱਚ ਸਭ ਤੋਂ ਅਹਿਮ ਯੋਗਦਾਨ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ। ਨੌਜਵਾਨ ਇਹ ਯੋਗਦਾਨ ਤਾਂ ਹੀ ਪਾ ਸਕਦੇ ਹਨ ਜੇ ਉਹ ਨਸ਼ਿਆਂ ਤੋਂ ਬਚ ਕੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਗੇ। ਸੂਬੇ ਵਿਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਕੱਢਣ ਲਈ ਖੇਡਾਂ ਸਭ ਤੋਂ ਵਧੀਆ ਬਦਲ ਹਨ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਨਾਲੋਂ ਦੂਰ ਕਰਕੇ ਖੇਡਾਂ ਨਾਲ ਜੋੜਨ ਲਈ ਬਹਾਦਰ, ਭੂਟਾਲ ਖੁਰਦ, ਭੂਟਾਲ ਕਲਾਂ, ਰਾਇਧਾਰਣਾ, ਝਲੂਰ, ਕਾਲਬੰਜਾਰਾ, ਖੰਡੇਬਾਦ, ਘੋੜੇਨੱਬ, ਭਾਈ ਕੀ ਪਿਸ਼ੌਰ, ਸੇਖੂਵਾਸ ਅਤੇ ਰਾਮਗੜ੍ਹ ਸੰਧੂਆਂ ਵਿੱਚ ਖੇਡ ਸਟੇਡੀਅਮਾਂ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਇਹ ਖੇਡ ਸਟੇਡੀਅਮ ਜਲਦੀ ਚਾਲੂ ਕਰਨ ਦਾ ਟੀਚਾ ਹੈ। ਇਨ੍ਹਾਂ ਸਟੇਡੀਅਮਾਂ ਵਿੱਚ ਅਥਲੈਟਿਕ ਟਰੈਕ, ਬਾਸਕਟਬਾਲ, ਵਾਲੀਬਾਲ ਮੈਦਾਨਾਂ ਦੇ ਨਾਲ ਨਾਲ ਵਧੀਆ ਘਾਹ, ਫੁਹਾਰੇ, ਪਖ਼ਾਨੇ, ਲਾਈਟਾਂ ਅਤੇ ਬੈਂਚ ਲਗਾਏ ਜਾਣਗੇ। ਸਟੇਡੀਅਮ ਨੂੰ ਵਧੀਆ ਫੁੱਲ ਬੂਟੇ ਲਗਾ ਕੇ ਸਜਾਇਆ ਜਾਵੇਗਾ, ਜੋ ਕਿ ਵੱਧ-ਵੱਧ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਪੀ ਏ ਰਾਕੇਸ਼ ਕੁਮਾਰ ਗੁਪਤਾ ਅਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।

