ਸਾਬਕਾ ਵਿਧਾਇਕ ਨੇ ਸੜਕ ’ਚ ਮਾੜੀ ਸਮੱਗਰੀ ਵਰਤਣ ਦੇ ਦੋਸ਼ ਲਾਏ
ਭੋਜੋਵਾਲੀ ਤੋਂ ਸਾਰੋ ਤੱਕ ਬਣ ਰਹੀ ਨਵੀਂ ਸੜਕ ਬਾਰੇ ਸੁਆਲ ਖੜ੍ਹੇ ਕੀਤੇ
ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਭੋਜੋਵਾਲੀ ਤੋਂ ਸਾਰੋ ਤੱਕ ਬਣ ਰਹੀ ਨਵੀਂ ਸੜਕ ਬਾਰੇ ਸੁਆਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਵਿਕਾਸ ਕਾਰਜਾਂ ਵਿੱਚ ਵੱਡੀ ਲਾਪਰਵਾਹੀ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਭੋਜੋਵਾਲੀ ਤੋਂ ਸਾਰੋਂ ਤੱਕ ਬਣ ਰਹੀ ਸੜਕ ਸਬੰਧੀ ਲੋਕ ਲਗਾਤਾਰ ਘਟੀਆ ਨਿਰਮਾਣ ਅਤੇ ਮਿਆਰੀ ਕੰਮ ਨਾ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ, ਜਿਸ ਕਰਕੇ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸ੍ਰੀ ਗੋਲਡੀ ਨੇ ਮੰਗ ਕੀਤੀ ਕਿ ਭੋਜੋਵਾਲੀ-ਸਾਰੋ ਸੜਕ ਦੇ ਨਿਰਮਾਣ ਦੀ ਉੱਚ ਪੱਧਰੀ, ਨਿਰਪੱਖ ਅਤੇ ਤਕਨੀਕੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਜਾਂਚ ਵਿੱਚ ਨਿਰਮਾਣ ਮਾਪਦੰਡਾਂ ਦੀ ਉਲੰਘਣਾ, ਘਟੀਆ ਸਮੱਗਰੀ ਦੀ ਵਰਤੋਂ ਜਾਂ ਕਿਸੇ ਕਿਸਮ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਹ ਚੁੱਪ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਹੋਰ ਵਿਕਾਸ ਕਾਰਜਾਂ ਵਿੱਚ ਵਰਤੀ ਜਾ ਰਹੀ ਸਮੱਗਰੀ ਦੀ ਵੀ ਉਹ ਖੁਦ ਜਾ ਕੇ ਜਾਂਚ ਕਰਨਗੇ।
ਸੜਕ ਸਰਕਾਰੀ ਮਾਪਦੰਡਾਂ ਉੱਪਰ ਖ਼ਰੀ ਉਤਰੇਗੀ: ਐੱਸ ਡੀ ਓ
ਧੂਰੀ ਮੰਡੀ ਬੋਰਡ ਦੇ ਐੱਸ ਡੀ ਓ ਨੇ ਕਿਹਾ ਜਿੱਥੇ ਸੀਲਕੋਟ ਲੱਗ ਚੁੱਕਾ ਸੀ, ਉੱਥੇ ਸੜਕ ਠੀਕ ਹੈ ਪਰ ਮੀਂਹ ਕਾਰਨ ਸਾਰੀ ਸੜਕ ’ਤੇ ਸੀਲਕੋਟ ਨਹੀਂ ਲੱਗ ਸਕਿਆ ਜਿਸ ਕਾਰਨ ਇਹ ਮੁਸ਼ਕਲ ਆਈ ਹੈ। ਉਨ੍ਹਾਂ ਕਿਹਾ ਕਰੀਬ 7 ਕਿਲੋਮੀਟਰ ਬਣੀ ਸੜਕ ਸਰਕਾਰੀ ਮਾਪਦੰਡਾਂ ਉੱਪਰ ਖ਼ਰੀ ਉਤਰੇਗੀ। ਉਨ੍ਹਾਂ ਕਿਹਾ ਕਿ ਸੜਕ ਵਿੱਚ ਜਿੱਥੇ ਕੋਈ ਘਾਟ ਨਜ਼ਰ ਆਵੇਗੀ, ਉੱਥੇ ਉਸ ਨੂੰ ਠੀਕ ਕਰ ਦਿੱਤਾ ਜਾਵੇਗਾ।

