ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਨਗਰ ਕੌਂਸਲ ਚੋਣਾਂ ਦੀ ਗਿਣਤੀ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ’ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਇਹ ਚੋਣਾਂ ਜਿੱਤਣ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਅੱਠ ਮਜ਼ਬੂਤ ਉਮੀਦਵਾਰਾਂ ’ਤੇ ਮੈਦਾਨ ’ਚੋਂ ਹਟਣ ਅਤੇ ਕਾਗਜ਼ ਵਾਪਸ ਲੈਣ ਲਈ ਪੁਲੀਸ ਰਾਹੀਂ ਦਬਾਅ ਪਾਇਆ ਗਿਆ।
ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਸ਼ਹਿਰ ਅੰਦਰ ਅਜੇ ਵੋਟਾਂ ਦੀ ਗਿਣਤੀ ਸ਼ੁਰੂ ਵੀ ਨਹੀਂ ਸੀ ਹੋਈ, ਜਦਕਿ ਖ਼ਬਰਾਂ ਵਿੱਚ ਪਹਿਲਾਂ ਹੀ ਧੂਰੀ ਦੀਆਂ 20 ਸੀਟਾਂ ’ਤੇ ਸੱਤਾਧਾਰੀ ਧਿਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਪੁਲੀਸ ਅਫਸਰਾਂ ‘ਤੇ ਇੱਕ ਧਿਰ ਵਜੋਂ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰਾਜਨੀਤਕ ਸਮਾਂ ਬਦਲਣ ’ਤੇ ਸਭ ਦਾ ਹਿਸਾਬ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿਤਾਵਨੀ ਦਿੱਤੀ ਕਿ ਡਰਾ-ਧਮਕਾ ਕੇ ਵੋਟਾਂ ਪਵਾਉਣ ਦਾ ਜਵਾਬ ਲੋਕ 2027 ਵਿੱਚ ਦੇਣਗੇ। ਇਸ ਮੌਕੇ ਗੁਰਬਖਸ਼ ਸਿੰਘ ਗੁੱਡੂ, ਹੰਸ ਰਾਜ ਗੁਪਤਾ ਅਤੇ ਸਾਬਕਾ ਕੌਂਸਲਰ ਮਹਾਵੀਰ ਸਿੰਘ ਸਣੇ ਹੋਰ ਆਗੂ ਹਾਜ਼ਰ ਸਨ।

