ਮਾਰਕਫੈੱਡ ਦੇ ਸਾਬਕਾ ਫੀਲਡ ਮੁਲਾਜ਼ਮਾਂ ਨੇ ਮੋਰਚਾ ਖੋਲ੍ਹਿਆ
ਜ਼ਿਲ੍ਹਾ ਦਫ਼ਤਰ ਅੱਗੇ ਧਰਨਾ; ਸੇਵਾਮੁਕਤੀ ਦੇ ਲਾਭ ਨਾ ਮਿਲਣ ਕਾਰਨ ਰੋਸ ਪ੍ਰਗਟਾਇਆ
ਮਾਰਕਫੈੱਡ ਰਿਟਾਇਰਡ ਫੀਲਡ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੱਦੇ ਤਹਿਤ ਮਾਰਕਫੈੱਡ ਦੇ ਸੇਵਾਮੁਕਤ ਫੀਲਡ ਮੁਲਾਜ਼ਮਾਂ ਨੇ ਸੂਬਾ ਪੱਧਰੀ ਸੰਘਰਸ਼ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਦਫ਼ਤਰ ਅੱਗੇ ਸੇਵਾਮੁਕਤੀ ਦੇ ਲਾਭ ਲੈਣ ਲਈ ਰੋਸ ਧਰਨਾ ਦਿੱਤਾ ਅਤੇ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਪੱਧਰੀ ਧਰਨਿਆਂ ਦੀ ਸ਼ੁਰੂਆਤ ਅੱਜ ਸੰਗਰੂਰ ਤੋਂ ਕੀਤੀ ਗਈ ਹੈ ਅਤੇ ਅਗਲੇ ਹਫ਼ਤੇ ਪਟਿਆਲਾ ਅਤੇ ਬਠਿੰਡਾ ਵਿੱਚ ਜ਼ਿਲ੍ਹਾ ਦਫ਼ਤਰ ਅੱਗੇ ਸੂਬਾਈ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕਫੈੱਡ ਮੈਨੇਜਮੈਂਟ ਵੱਲੋਂ ਸੇਵਾਮੁਕਤ ਫੀਲਡ ਮੁਲਾਜ਼ਮਾਂ ਦੀ ਗਰੈਚੂਟੀ, ਲੀਵ ਇਨਕੈਸ਼ਮੈਂਟ ਅਤੇ ਛੇਵੇਂ ਪੇਅ-ਕਮਿਸ਼ਨ ਦੇ ਬਕਾਏ, ਏਰੀਅਰ ਆਦਿ ਨਾਜਾਇਜ਼ ਤੌਰ ’ਤੇ ਰੋਕੇ ਹੋਏ ਹਨ। ਪੈਨਸ਼ਨ ਨਾ ਹੋਣ ਅਤੇ ਫੰਡ ਰੋਕੇ ਜਾਣ ਕਾਰਨ ਸੇਵਾਮੁਕਤ ਫੀਲਡ ਮੁਲਾਜ਼ਮ ਰੋਜ਼ਾਨਾ ਦੇ ਖ਼ਰਚੇ, ਬਿਮਾਰੀਆਂ ਦੇ ਇਲਾਜ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਅਸਮਰੱਥ ਹਨ। ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਕਣਕ ਦੀ ਖ਼ਰੀਦ ਸਮੇਂ ਬੇਮੌਸਮੀ ਬਰਸਾਤਾਂ, ਗਰਮ ਹਵਾਵਾਂ, ਗੁਦਾਮਾਂ ਦੀ ਘਾਟ ਕਾਰਨ ਖੁੱਲ੍ਹੇ ਪਲਿੰਥਾਂ, ਕੱਚੇ ਵਿਚ ਅਨਾਜ ਖਰਾਬ ਹੋਣ ਅਤੇ ਐੱਫ ਸੀ ਆਈ ਵੱਲੋਂ ਸਮੇਂ ਸਿਰ ਨਿਕਾਸ ਨਾ ਕਰਨ, ਪੁਰਾਣਾ ਅਤੇ ਪਲਾਸਟਿਕ ਬਾਰਦਾਨਾ ਲਗਾਉਣ ਕਾਰਨ ਹੋਣ ਵਾਲੇ ਨੁਕਸਾਨ ਦਾ ਸਾਰਾ ਬੋਝ ਬੇਕਸੂਰ ਫੀਲਡ ਮੁਲਾਜ਼ਮਾਂ ਸਿਰ ਮੜ੍ਹਿਆ ਜਾ ਰਿਹਾ ਹੈ ਅਤੇ ਝੂਠੀਆਂ ਤੇ ਨਾਜਾਇਜ਼ ਰਿਕਵਰੀਆਂ ਜਾਰੀ ਕੀਤੀਆਂ ਗਈਆਂ ਹਨ ਜਦੋਂਕਿ ਇਹ ਨੁਕਸਾਨ ਕੁਦਰਤੀ ਅਤੇ ਪ੍ਰਬੰਧਕੀ ਨਾਕਾਮੀਆਂ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਈ ਸਪੱਸ਼ਟ ਫ਼ੈਸਲਿਆਂ ਦੇ ਬਾਵਜੂਦ ਮਾਰਕਫੈੱਡ ਪ੍ਰਬੰਧਕ ਮੁਲਾਜ਼ਮਾਂ ਦੇ ਹੱਕੀ ਲਾਭ ਰੋਕ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸੇਵਾਮੁਕਤੀ ਦੇ ਲਾਭ ਗਰੈਚੂਟੀ, ਲੀਵ ਇਨਕੈਂਸ਼ਮੈਂਟ, ਛੇਵੇਂ ਪੇਅ ਕਮਿਸ਼ਨ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਗਲਤ ਬਣਾਈਆਂ ਚਾਰਜਸ਼ੀਟਾਂ ਰੱਦ ਕੀਤੀਆਂ ਜਾਣ। ਅਜਿਹਾ ਨਾ ਕਰਨ ਦੀ ਸੂਰਤ ਵਿਚ ਮੁਲਾਜ਼ਮ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਮਰਨ ਵਰਤ ਤੇ ਬੈਠਣ ਲਈ ਮਜ਼ਬੂਰ ਹੋਣਗੇ। ਧਰਨੇ ਵਿੱਚ ਫਰੀਦਕੋਟ, ਬਠਿੰਡਾ, ਪਟਿਆਲਾ, ਫਿਰੋਜਪੁਰ, ਜਲਾਲਾਬਾਦ, ਮਾਨਸਾ, ਮੁਕਤਸਰ ਸਾਹਿਬ, ਗੁਰਦਾਸਪੁਰ ਆਦਿ ਤੋਂ ਸੇਵਾਮੁਕਤ ਫੀਲਡ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।

