ਜੰਗਲਾਤ ਵਰਕਰਾਂ ਵੱਲੋਂ ਚੀਮਾ ਦੀ ਕੋਠੀ ਵੱਲ ਮਾਰਚ
ਕੈਬਨਿਟ ਸਬ-ਕਮੇਟੀ ਨਾਲ 14 ਨੂੰ ਮੀਟਿੰਗ ਤੈਅ; ਤਿੰਨ ਸਾਲ ਦੀ ਸੇਵਾ ਵਾਲਿਆਂ ਨੂੰ ਪੱਕੇ ਕਰਨ ਦੀ ਮੰਗ
ਪੰਜਾਬ ਭਰ ਤੋਂ ਪੁੱਜੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਫੀਲਡ ਵਰਕਰਾਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਵੱਲ ਸੂਬਾ ਪੱਧਰੀ ਰੋਸ ਮਾਰਚ ਕੀਤਾ ਗਿਆ ਅਤੇ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਫੀਲਡ ਵਰਕਰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਵਰਕਰਾਂ ਨੂੰ ਰੈਗੂਲਰ ਕਰਨ ਅਤੇ ਵੱਖ-ਵੱਖ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਸਨ। ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਵੱਡੀ ਤਾਦਾਦ ਵਿਚ ਵਰਕਰ ਸਥਾਨਕ ਧੂਰੀ ਰੋਡ ਓਵਰਬ੍ਰਿਜ ਹੇਠਾਂ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ। ਬਾਅਦ ਦੁਪਹਿਰ ਵਿਸ਼ਾਲ ਰੋਸ ਮਾਰਚ ਕਰਦਿਆਂ ਵਰਕਰ ਜਿਉਂ ਹੀ ਵਿੱਤ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਵੱਲੋਂ ਸਖਤ ਨਾਕੇਬੰਦੀ ਕਰਦਿਆਂ ਪੂਨੀਆ ਟਾਵਰ ਟੀ-ਪੁਆਇੰਟ ’ਤੇ ਉਨ੍ਹਾਂ ਨੂੰ ਰੋਕ ਲਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂਨੀਅਨ ਦੀ ਕੈਬਨਿਟ ਸਬ-ਕਮੇਟੀ ਨਾਲ 14 ਜੁਲਾਈ ਦੀ ਮੀਟਿੰਗ ਤੈਅ ਕਰਵਾਈ ਗਈ ਜਿਸ ਮਗਰੋਂ ਰੋਸ ਪ੍ਰਦਰਸ਼ਨ ਸਮਾਪਤ ਕੀਤਾ ਗਿਆ।
ਇਸ ਤੋਂ ਪਹਿਲਾਂ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾਨਗਰੀ, ਜਨਰਲ ਸਕੱਤਰ ਬਲਵੀਰ ਸਿਵੀਆ ਅਤੇ ਵਿੱਤ ਸਕੱਤਰ ਬਲਵੀਰ ਗਿੱਲਾਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਹੈ ਉਨ੍ਹਾਂ ਨੂੰ ਵੀ ਪੱਕੇ ਮੁਲਾਜ਼ਮ ਵਾਲੀ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਚੋਣਾਂ ਵੇਲੇ ਰੈਗੂਲਰ ਕਰਨ ਦੀ ਗਾਰੰਟੀ ਦਿੱਤੀ ਸੀ ਪਰ ਸਰਕਾਰ ਬਣਨ ’ਤੇ ਲਗਾਤਾਰ ਟਾਲ-ਮਟੋਲ ਕੀਤੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਤਿੰਨ ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਸਮੂਹ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ਵਿੱਚ ਪੱਕੇ ਕੀਤਾ ਜਾਵੇ, ਫੀਲਡ ਵਰਕਰਾਂ ਨੂੰ ਖਤਰੇ ਵਾਲੇ ਕੰਮਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਸਮੂਹ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਮੁਲਾਜ਼ਮਾਂ ਦੀ ਸੀਨੀਆਰਤਾ ਤੈਅ ਕਰਨ ਲਈ ਮਹੀਨੇ ਵਿੱਚ 26 ਦੀ ਬਜਾਏ 30 ਦਿਨ ਦਰਜ ਕੀਤੇ ਜਾਣ, ਪੰਜਾਬ ਦਾ ਛੇਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਯੂਨੀਅਨ ਆਗੂ ਜੰਗੀਰ ਸਿੰਘ ਦਸੂਹਾ, ਜਤਿੰਦਰ ਸਿੰਘ ਮਲੋਟ, ਗੁਰਪ੍ਰੀਤ ਸਿੰਘ ਮੋਗਾ, ਹਰਿੰਦਰ ਕੁਮਾਰ ਐਮਾ, ਗੁਰਵਿੰਦਰ ਸਿਘ ਮਚਾਕੀ, ਮਹਿੰਦਰਪਾਲ ਦਸੂਹਾ, ਬਲਵਿੰਦਰ ਸਿੰਘ ਗੰਡੀਵਿੰਡ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਰਮਨਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
