Sangrur ’ਚ ਜੰਗਲਾਤ ਵਿਭਾਗ ਦੇ ਫੀਲਡ ਵਰਕਰਾਂ ਵਲੋਂ ਵਿੱਤ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ
ਪੁਲੀਸ ਵਲੋਂ ਰੋਕੇ ਜਾਣ ’ਤੇ ਨਾਅਰੇਬਾਜ਼ੀ; ਤਿੰਨ ਸਾਲ ਦੀ ਸੇਵਾ ਵਾਲਿਆਂ ਨੂੰ ਰੈਗੂਲਰ ਕਰਨ ਦੀ ਮੰਗ
Punjab Forest Department Workers Protest Sangrur: ਪੰਜਾਬ ਭਰ ਤੋਂ ਪੁੱਜੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਫੀਲਡ ਵਰਕਰਾਂ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਵੱਲ ਸੂਬਾ ਪੱਧਰੀ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਫੀਲਡ ਵਰਕਰ ਤਿੰਨ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਵਰਕਰਾਂ ਨੂੰ ਰੈਗੂਲਰ ਕਰਨ ਅਤੇ ਵੱਖ-ਵੱਖ ਮੰਗਾਂ ਪੂਰੀਆਂ ਕਰਨ ਦੀ ਮੰਗ ਕਰ ਰਹੇ ਸਨ।
ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਵੱਡੀ ਤਾਦਾਦ ਵਿਚ ਵਰਕਰ ਸਥਾਨਕ ਧੂਰੀ ਰੋਡ ਓਵਰਬ੍ਰਿਜ ਹੇਠਾਂ ਇਕੱਠੇ ਹੋਏ ਜਿਥੇ ਰੋਸ ਰੈਲੀ ਕੀਤੀ ਗਈ। ਬਾਅਦ ਦੁਪਹਿਰ ਵਿਸ਼ਾਲ ਰੋਸ ਮਾਰਚ ਕਰਦਿਆਂ ਵਰਕਰ ਜਿਉਂ ਹੀ ਵਿੱਤ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਵਲੋਂ ਸਖਤ ਨਾਕੇਬੰਦੀ ਕਰਦਿਆਂ ਪੂਨੀਆ ਟਾਵਰ ਟੀ-ਪੁਆਇੰਟ ’ਤੇ ਰੋਕ ਲਿਆ।
ਇਸ ਤੋਂ ਪਹਿਲਾਂ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾਨਗਰੀ, ਜਨਰਲ ਸਕੱਤਰ ਬਲਵੀਰ ਸਿਵੀਆ ਅਤੇ ਵਿੱਤ ਸਕੱਤਰ ਬਲਵੀਰ ਗਿੱਲਾਂਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਨੌਕਰੀ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਗਿਆ ਹੈ ਉਹਨਾਂ ਨੂੰ ਵੀ ਪੱਕੇ ਮੁਲਾਜ਼ਮ ਵਾਲੀ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਰੈਗੂਲਰ ਕਰਨ ਦੀ ਗਾਰੰਟੀ ਦਿੱਤੀ ਸੀ ਪਰੰਤੂ ਸਰਕਾਰ ਬਣਨ ਤੇ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਤਿੰਨ ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਸਮੂਹ ਮੁਲਾਜ਼ਮਾਂ ਨੂੰ ਪੂਰੇ ਸਕੇਲਾਂ ਵਿੱਚ ਪੱਕੇ ਕੀਤਾ ਜਾਵੇ, ਫੀਲਡ ਵਰਕਰਾਂ ਨੂੰ ਖਤਰੇ ਵਾਲੇ ਕੰਮਾਂ ਦੀ ਸੂਚੀ ਵਿਚ ਸ਼ਾਮਲ ਕਰਕੇ ਸਮੂਹ ਪੜ੍ਹੇ ਲਿਖੇ ਅਤੇ ਅਨਪੜ੍ਹ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, ਮੁਲਾਜ਼ਮਾਂ ਦੀ ਸੀਨੀਆਰਤਾ ਤੈਅ ਕਰਨ ਲਈ ਮਹੀਨੇ ਵਿੱਚ 26 ਦੀ ਬਜਾਏ 30 ਦਿਨ ਦਰਜ ਕੀਤੇ ਜਾਣ, ਪੰਜਾਬ ਦਾ ਛੇਵਾਂ ਤ਼ਨਖਾਹ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ।
