ਬੀਰਬਲ ਰਿਸ਼ੀ
ਸ਼ੇਰਪੁਰ, 12 ਸਤੰਬਰ
ਸਰਕਾਰੀ ਪ੍ਰਾਇਮਰੀ ਸਕੂਲ ਵਜ਼ੀਦਪੁਰ ਬਧੇਸ਼ਾ ’ਚ ਲੱਗੀ ਮੋਟਰ ਖ਼ਰਾਬ ਹੋ ਜਾਣ ਕਾਰਨ ਸਕੂਲ ਦੇ ਬੱਚੇ ਸੜਕ ਪਾਰ ਕੇ ਕਰਕੇ ਧਾਰਮਿਕ ਸਥਾਨ ਤੋਂ ਪਾਣੀ ਪੀਣ ਲਈ ਮਜਬੂਰ ਹਨ।
ਇਸ ਸਬੰਧੀ ਸੈਂਟਰ ਹੈੱਡ ਟੀਚਰ ਰਾਜਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਤਕਰੀਬਨ 107 ਹੈ। ਹਫ਼ਤਾ ਕੁ ਪਹਿਲਾਂ ਬੋਰ ਖ਼ਰਾਬ ਹੋਇਆ ਸੀ ਜਿਸ ਸਬੰਧੀ ਬੋਰਾਂ ਦਾ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਦਿਖਾਇਆ ਗਿਆ ਤਾਂ ਉਨ੍ਹਾਂ ਇਸ ਮੋਟਰ ਵਾਲਾ ਬੋਰ ਖ਼ਰਾਬ ਹੋਣ ਦੀ ਗੱਲ ਆਖੀ।ਸੀਐੱਚਟੀ ਧਾਲੀਵਾਲ ਨੇ ਅੱਗੇ ਦੱਸਿਆ ਕਿ ਹੁਣ ਉਨ੍ਹਾਂ ਕੋਲ ਨਵਾਂ ਬੋਰ ਲਗਾ ਕੇ ਦੇਣ ਤੋਂ ਬਿਨਾਂ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ ਦੇ ਦਫ਼ਤਰ ’ਚ ਲਿਖਤੀ ਤੌਰ ਧਿਆਨ ਵਿੱਚ ਲਿਆ ਦੇਣ ਦਾ ਵੀ ਦਾਅਵਾ ਕੀਤਾ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਨੇ ਸੰਪਕਰ ਕਰਨ ’ਤੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਵਟਸਐਪ ’ਤੇ ਮੈਟਰ ਭੇਜ ਦਿੱਤਾ ਜਾਵੇ ਅਤੇ ਉਹ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਕੋਸ਼ਿਸ਼ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।