Ghaggar River Flood Alert: ਹਰਿਆਣਾ ਨੇੜਲੇ ਪਿੰਡਾਂ ’ਚ ਹੜ੍ਹਾਂ ਵਾਲੀ ਹਾਲਤ
ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕੀਤਾ; ਲੋਕਾਂ ਵਿੱਚ ਦਹਿਸ਼ਤ
ਪਿਛਲੇ ਕਈ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਟਾਂਗਰੀ ਅਤੇ ਮਾਰਕੰਡਾ ਨਦੀਆਂ ਦਾ ਪਾਣੀ ਓਵਰਫਲੋਅ ਹੋ ਗਿਆ ਹੈ। ਇਸ ਕਾਰਨ ਜਿੱਥੇ ਹਰਿਆਣਾ ਨਾਲ ਲਗਦੇ ਕਈ ਪਿੰਡਾਂ ਵਿੱਚ ਹੜ੍ਹ ਵਰਗੀ ਹਾਲਤ ਬਣ ਗਈ ਹੈ, ਉੱਥੇ ਹੀ ਘੱਗਰ ਦਰਿਆ ਵਿੱਚ ਵਧੇ ਪਾਣੀ ਦੇ ਵਹਾਅ ਕਾਰਨ ਨੇੜਲੇ ਪਿੰਡਾਂ ਅਤੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੂਜੇ ਪਾਸੇ ਹਾਂਸੀ-ਬੁਟਾਣਾ ਨਹਿਰ ਦੇ ਹੇਠਾਂ ਬਣੇ ਸਾਈਫਨਾਂ ਦੀ ਹਰਿਆਣਾ ਸਰਕਾਰ ਵੱਲੋਂ ਸਫ਼ਾਈ ਕਰਵਾਏ ਜਾਣ ਕਾਰਨ ਫਿਲਹਾਲ ਪਾਣੀ ਲਗਾਤਾਰ 22 ਫੁੱਟ ਦੇ ਪੱਧਰ ’ਤੇ ਚੱਲ ਰਿਹਾ ਹੈ।
ਸਥਾਨਕ ਵਸਨੀਕਾਂ ਅਤੇ ਕਿਸਾਨਾਂ ਅਨੁਸਾਰ ਘੱਗਰ ਦੇ ਪਾਣੀ ਦਾ ਵਹਾਅ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਤੇਜ਼ ਹੋ ਗਿਆ ਹੈ। ਕਿਸਾਨਾਂ ਨੂੰ ਸਭ ਤੋਂ ਵੱਡੀ ਚਿੰਤਾ ਇਹ ਸਤਾ ਰਹੀ ਹੈ ਕਿ ਜੇ ਪਹਾੜਾਂ ਵਿੱਚ ਬਾਰਿਸ਼ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਅਤੇ ਖੇਤੀਯੋਗ ਜ਼ਮੀਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਜਾਵੇਗੀ, ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋ ਸਕਦਾ ਹੈ। ਕਈ ਪਿੰਡਾਂ ਦੇ ਲੋਕ ਖੁਦ ਵੀ ਘੱਗਰ ਦੇ ਕੰਢਿਆਂ ’ਤੇ ਖੜ੍ਹ ਕੇ ਪਾਣੀ ਦੇ ਪੱਧਰ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ ਅਤੇ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਬਿਨਾਂ ਵਜ੍ਹਾ ਘੱਗਰ ਦੇ ਨੇੜੇ ਨਾ ਜਾਣ ਅਤੇ ਆਪਣੇ ਪਸ਼ੂਆਂ ਨੂੰ ਦੂਰ ਰੱਖਣ ਦੀ ਸਖ਼ਤ ਅਪੀਲ ਕੀਤੀ ਹੈ। ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਕਾਰਨ ਪਾਣੀ ਹੋਰ ਵਧਣ ਦਾ ਖਦਸ਼ਾ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਬਚਾਅ ਟੀਮਾਂ ਤਿਆਰ ਹਨ ਅਤੇ ਸਥਿਤੀ ਕੰਟਰੋਲ ਹੇਠ ਹੈ। ਹਰਿਆਣਾ ਰਾਜ ਦੇ ਗੂਹਲਾ (ਚੀਕਾ) ਵਿੱਚ ਹਾਂਸੀ-ਬੁਟਾਣਾ ਨਹਿਰ ਦੇ ਜੇ ਈ ਨੇ ਦੱਸਿਆ ਕਿ ਘੱਗਰ ਵਿੱਚ ਪਾਣੀ ਆਉਣ ਕਾਰਨ ਮਿੱਟੀ ਦੀ ਸਫ਼ਾਈ 30 ਫ਼ੀਸਦੀ ਹੀ ਹੋ ਸਕੀ ਹੈ, ਪਰ ਪਾਣੀ ਦੇ ਤੇਜ਼ ਨਿਕਾਸ ਲਈ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਹੜ੍ਹ ਦਾ ਪਾਣੀ ਬਾਹਰ ਨਾ ਫੈਲੇ।
ਸਰਾਲਾ ਨੇੜੇ ਘੱਗਰ ’ਚ ਪਾਣੀ ਦਾ ਪੱਧਰ ਘਟਿਆ
ਪਟਿਆਲਾ (ਸਰਬਜੀਤ ਸਿੰਘ ਭੰਗੂ): ਪਹਾੜੀ ਖੇਤਰਾਂ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਪਟਿਆਲਾ ਜ਼ਿਲ੍ਹੇ ਵਿੱਚੋਂ ਲੰਘਦੇ ਘੱਗਰ ਦਰਿਆ ਅਤੇ ਹੋਰ ਨਦੀਆਂ-ਨਾਲਿਆਂ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਸੀ। ਸ਼ਨਿਚਰਵਾਰ ਨੂੰ ਘੱਗਰ ਦੇ ਸਰਾਲਾ ਹੈੱਡ ’ਤੇ ਪਾਣੀ ਦਾ ਪੱਧਰ 15 ਫੁੱਟ ਤੋਂ ਪਾਰ ਹੋ ਕੇ ਖ਼ਤਰੇ ਦੇ ਨਿਸ਼ਾਨ (16 ਫੁੱਟ) ਦੇ ਬਿਲਕੁਲ ਨੇੜੇ ਪਹੁੰਚ ਗਿਆ ਸੀ, ਜਿਸ ਨਾਲ ਹੜ੍ਹ ਦਾ ਖ਼ਤਰਾ ਬਣ ਗਿਆ ਸੀ। ਪਰ ਅੱਜ ਸ਼ਾਮ ਤੱਕ ਘੱਗਰ ਵਿੱਚ ਪਾਣੀ ਦਾ ਪੱਧਰ ਘਟ ਕੇ ਸਿਰਫ਼ 3 ਫੁੱਟ ਰਹਿ ਗਿਆ, ਜਿਸ ਨਾਲ ਲੋਕਾਂ ਨੇ ਵੱਡੀ ਰਾਹਤ ਸਾਹਮਣੇ ਲਈ ਹੈ। ਡਰੇਨੇਜ ਵਿਭਾਗ ਦੇ ਐਕਸੀਅਨ ਅਕਾਸ਼ ਅਗਰਵਾਲ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਭਾਂਖਰਪੁਰ ਵਿੱਚ ਘੱਗਰ ਦਾ ਪੱਧਰ ਇੱਕ ਫੁੱਟ ਅਤੇ ਸਰਾਲਾ ਹੈੱਡ ’ਤੇ ਤਿੰਨ ਫੁੱਟ ਦਰਜ ਕੀਤਾ ਗਿਆ। ਹਾਲਾਂਕਿ, ਜ਼ਿਲ੍ਹੇ ਵਿੱਚ ਅਕਸਰ ਤਬਾਹੀ ਮਚਾਉਣ ਵਾਲੀ ਟਾਂਗਰੀ ਨਦੀ ਵਿੱਚ ਅੱਜ ਸ਼ਾਮ ਤੱਕ 9 ਫੁੱਟ ਪਾਣੀ ਚੱਲ ਰਿਹਾ ਸੀ, ਜਿੱਥੇ ਖ਼ਤਰੇ ਦਾ ਨਿਸ਼ਾਨ 12 ਫੁੱਟ ਹੈ। ਇਸੇ ਤਰ੍ਹਾਂ ਮਾਰਕੰਡਾ ਨਦੀ ਦੇ ਪਟਿਆਲਾ-ਪਹੇਵਾ ਰੋਡ ਵਾਲੇ ਪੁਲ ਹੇਠੋਂ 17 ਫੁੱਟ ਪਾਣੀ ਲੰਘ ਰਿਹਾ ਸੀ, ਜਿੱਥੇ ਖ਼ਤਰੇ ਦਾ ਨਿਸ਼ਾਨ 22 ਫੁੱਟ ਨਿਰਧਾਰਿਤ ਹੈ। ਪਟਿਆਲਾ ਨਦੀ, ਭੋੜੇ ਸਾਈਫਨ, ਢਕਾਨਸੂ ਨਾਲੇ ਅਤੇ ਪੰਝੀ ਦੱਰੇ ਵਿੱਚ ਇਸ ਵੇਲੇ ਨਾਮਾਤਰ ਪਾਣੀ ਹੈ। ਐਕਸੀਅਨ ਨੇ ਦੱਸਿਆ ਕਿ ਸਰਾਲਾ ਹੈੱਡ ’ਤੇ ਫਸੀ ਬੂਟੀ ਅਤੇ ਹੋਰ ਸਮੱਗਰੀ ਨੂੰ ਜੇ ਸੀ ਬੀ ਮਸ਼ੀਨਾਂ ਰਾਹੀਂ ਸਾਫ਼ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ’ਤੇ ਪੂਰੀ ਨਜ਼ਰ ਰੱਖ ਰਿਹਾ ਹੈ ਅਤੇ ਅਗਾਊਂ ਸੁਰੱਖਿਆ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਉਨ੍ਹਾਂ ਲੋਕਾਂ ਨੂੰ ਨਾ ਘਬਰਾਉਣ ਅਤੇ ਸੋਸ਼ਲ ਮੀਡੀਆ ’ਤੇ ਫੈਲਣ ਵਾਲੀਆਂ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
ਸਿਰਕੱਪੜਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਤੇ ਹੜ੍ਹਾਂ ਦਾ ਖ਼ਤਰਾ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਨੇੜਲੇ ਪਿੰਡ ਸਿਰਕੱਪੜਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਇਸ ਵਾਰ ਫਿਰ ਹੜ੍ਹਾਂ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਪਿੰਡ ਨੇੜੇ ਲੰਘਦੇ ਘੱਗਰ ਦਰਿਆ ਦੇ ਪੁਲ ਦੇ ਕੰਢਿਆਂ ਤੋਂ ਮਿੱਟੀ ਲਗਾਤਾਰ ਖਿਸਕ ਰਹੀ ਹੈ, ਜਿਸ ਕਾਰਨ ਸੁਰੱਖਿਆ ਬੰਨ੍ਹ ਬੇਹੱਦ ਕਮਜ਼ੋਰ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਸਾਲ 2023 ਦੌਰਾਨ ਆਏ ਭਿਆਨਕ ਹੜ੍ਹਾਂ ਕਾਰਨ ਇਹ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਅਤੇ ਲੋਕਾਂ ਦੇ ਘਰਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਸੀ। ਇਸ ਨਾਜ਼ੁਕ ਸਥਿਤੀ ਦਾ ਜਾਇਜ਼ਾ ਲੈਣ ਲਈ ਹਲਕਾ ਸਨੌਰ ਤੋਂ ਆਜ਼ਾਦ ਉਮੀਦਵਾਰ ਅਤੇ ਸਮਾਜ ਸੇਵੀ ਰਾਕੇਸ਼ ਬੱਗਾ ਨੇ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਘੱਗਰ ਦਰਿਆ ਦੇ ਕੰਢਿਆਂ ਦੀ ਮੌਜੂਦਾ ਸਥਿਤੀ ਦੇਖੀ ਅਤੇ ਪਿੰਡ ਵਾਸੀਆਂ ਤੇ ਕਿਸਾਨਾਂ ਨਾਲ ਦਰਪੇਸ਼ ਮੁਸ਼ਕਲਾਂ ਸਬੰਧੀ ਗੱਲਬਾਤ ਕੀਤੀ। ਇਸ ਮੌਕੇ ਰਾਕੇਸ਼ ਬੱਗਾ ਨੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਪਿਛਲੇ ਸਾਲਾਂ ਵਿੱਚ ਹੋਈ ਭਾਰੀ ਤਬਾਹੀ ਦੇ ਬਾਵਜੂਦ ਸਰਕਾਰ ਅਤੇ ਸਬੰਧਤ ਵਿਭਾਗ ਨੇ ਬੰਨ੍ਹਾਂ ਨੂੰ ਪੱਕਾ ਕਰਨ ਲਈ ਕੋਈ ਠੋਸ ਜਾਂ ਸਥਾਈ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੌਜੂਦਾ ਬਰਸਾਤੀ ਸੀਜ਼ਨ ਦੌਰਾਨ ਕੰਢਿਆਂ ਨੂੰ ਮਜ਼ਬੂਤ ਕਰਨ ਅਤੇ ਬੰਨ੍ਹਾਂ ਦੀ ਤੁਰੰਤ ਮੁਰੰਮਤ ਵਰਗੇ ਲੋੜੀਂਦੇ ਸੁਰੱਖਿਆ ਉਪਾਅ ਨਾ ਕੀਤੇ ਗਏ, ਤਾਂ ਇਲਾਕੇ ਵਿੱਚ ਪਿਛਲੇ ਸਾਲ ਵਰਗੇ ਭਿਆਨਕ ਹਾਲਾਤ ਦੁਬਾਰਾ ਪੈਦਾ ਹੋ ਸਕਦੇ ਹਨ। ਰਾਕੇਸ਼ ਬੱਗਾ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਅਤੇ ਘੱਗਰ ਦੇ ਕੰਢਿਆਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾ ਕੇ ਲੋਕਾਂ ਨੂੰ ਭੈਅ-ਮੁਕਤ ਕੀਤਾ ਜਾਵੇ।

