
ਸੰਗਰੂਰ ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਪੁਲੀਸ ਪਾਰਟੀ ਨਾਲ। -ਫੋਟੋ: ਲਾਲੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਦਸੰਬਰ
ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ 5 ਸੋਨੇ ਦੀਆਂ ਚੈਨਾਂ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਬਰਾਮਦ ਸੋਨੇ ਦੀਆਂ 5 ਚੈਨੀਆਂ ਵਿਚੋਂ 4 ਸੰਗਰੂਰ ਅਤੇ ਇੱਕ ਭਵਾਨੀਗੜ੍ਹ ਤੋਂ ਝਪਟ ਮਾਰ ਕੇ ਖੋਹੀਆਂ ਸਨ।
ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਡੀਐਸਪੀ ਡੀ ਕਰਨ ਸਿੰਘ ਸੰਧੂ ਦੀ ਅਗਵਾਈ ਹੇਠ ਪੁਲੀਸ ਨੇ ਗਰੋਹ ਦੇ ਮੈਂਬਰਾਂ ਵਿਚ ਸਰੋਵਰ ਸਿੰਘ ਉਰਫ ਲਵਲੀ, ਜਸਵਿੰਦਰ ਸਿੰਘ ਉਰਫ ਜਤਿਨ, ਭੁਪਿੰਦਰ ਸਿੰਘ ਉਰਫ ਬਿੱਟੂ, ਗੁਰਪ੍ਰੀਤ ਸਿੰਘ ਉਰਫ ਬੱਬਰ ਅਤੇ ਹਰਮਨਜੀਤ ਸਿੰਘ ਉਰਫ ਹਰਮਨ ਨੂੰ ਗਿ੍ਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪਾਇਆ ਗਿਆ ਕਿ ਗਰੋਹ ਦੇ ਮੈਂਬਰਾਂ ਨੇ ਸੋਨੇ ਦੀਆਂ 4 ਚੇਨੀਆਂ ਸੰਗਰੂਰ ਅਤੇ ਇਕ ਭਵਾਨੀਗੜ੍ਹ ਤੋਂ ਝਪਟ ਮਾਰ ਕੇ ਖੋਹੀਆਂ ਸਨ ਜੋ ਕਿ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਇੱਕ ਅਪਾਚੀ ਬਿਨਾਂ ਨੰਬਰ ਅਤੇ ਇੱਕ ਹੀਰੋ ਹਾਂਡਾ ਸਪਲੈਂਡਰ ਪਲੱਸ ਬਿਨਾਂ ਨੰਬਰੀ ਬਰਾਮਦ ਕੀਤੇ ਹਨ ਜਿਸ ਸਬੰਧੀ ਥਾਣਾ ਸਿਟੀ ਵਿਚ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਖੰਨਾ ਸ਼ਹਿਰ ’ਚ 2 ਅਤੇ ਪਟਿਆਲਾ ਸ਼ਹਿਰ ’ਚ 1 ਸੋਨੇ ਦੀਆਂ ਚੈਨੀਆਂ ਝਪਟ ਮਾਰ ਕੇ ਖੋਹਣਾ ਮੰਨਿਆ ਹੈ ਜਿਸ ਸਬੰਧੀ ਪਹਿਲਾਂ ਹੀ ਥਾਣਾ ਸਿਟੀ ਖੰਨਾ ਅਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਖੇ ਕੇਸ ਦਰਜ ਹਨ। ਐਸਐਸਪੀ ਅਨੁਸਾਰ ਗ੍ਰਿਫ਼ਤਾਰ ਝਪਟਮਾਰ ਮੁਲਜ਼ਮ ਆਪਸ ਵਿਚ ਦੋਸਤ ਹਨ ਜੋ ਕਿ ਵਾਰਦਾਤ ਕਰਨ ਸਮੇਂ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਉਂਦੇ ਸਨ ਅਤੇ ਦੋ ਪਾਰਟੀਆਂ ਬਣਾ ਕੇ ਇੱਕ ਪਾਰਟੀ ਰਾਹੀਂ ਚੈਨੀ ਝਪਟਦੇ ਸਨ ਅਤੇ ਦੂਜੀ ਪਾਰਟੀ ਉਨ੍ਹਾਂ ਨੂੰ ਕਵਰ ਕਰਕੇ ਪਬਲਿਕ/ਪੁਲੀਸ ਤੋਂ ਬਚਾਉਣ ਲਈ ਅਤੇ ਖੋਹ ਕੀਤਾ ਸਮਾਨ ਛੁਪਾਉਣ ਅਤੇ ਰਸਤੇ ਬਦਲਣ ਵਿਚ ਮੱਦਦ ਕਰਦੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਭੁਪਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਅਸਲਾ ਐਕਟ ਅਤੇ ਖੋਹ ਦੇ ਦੋ ਕੇਸ ਦਰਜ ਹਨ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ