ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਥਾਣਾ ਲੌਂਗੋਵਾਲ ਏਰੀਏ ਵਿਚੋਂ ਕਤਲ, ਇਰਾਦਾ ਕਤਲ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 2 ਪਿਸਤੌਲ 32 ਬੋਰ ਦੇਸੀ ਸਮੇਤ 4 ਜ਼ਿੰਦਾ ਰੌਂਦ, 1 ਪਿਸਤੌਲ 315 ਬੋਰ ਦੇਸੀ ਸਮੇਤ 2 ਜ਼ਿੰਦਾ ਰੌਂਦ, 1 ਪਿਸਤੌਲ 30 ਬੋਰ ਦੇਸੀ, 1 ਰਾਇਫਲ 12 ਬੋਰ ਸਮੇਤ 3 ਰੌਂਦ ਬਰਾਮਦ ਕੀਤੇ ਗਏ ਹਨ।
ਸਥਾਨਕ ਜ਼ਿਲ੍ਹਾ ਪੁਲੀਸ ਦਫ਼ਤਰ ਵਿਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ. ਡੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨ੍ਹਾਂ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ ਆਈ ਏ ਸੰਗਰੂਰ ਦੀ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਇਤਲਾਹ ਮਿਲੀ ਕਿ ਕੁਲਜੀਤ ਸਿੰਘ ਉਰਫ਼ ਟੁੱਲੂ ਵਾਸੀ ਮੰਗਵਾਲ, ਮਨਜਿੰਦਰ ਸਿੰਘ ਉਰਫ਼ ਮਨੀ ਵਾਸੀ ਉਭਾਵਾਲ, ਹਰਪ੍ਰੀਤ ਸਿੰਘ ਉਰਫ਼ ਅਨਮੋਲ ਵਾਸੀ ਧਨੌਲਾ, ਸਾਹਿਲ ਉਰਫ਼ ਨੇਪਾਲੀ ਵਾਸੀ ਧਨੌਲਾ, ਪ੍ਰਭਜੋਤ ਸਿੰਘ ਉਰਫ਼ ਪ੍ਰਭ ਵਾਸੀ ਹਰੇੜੀ, ਕਰਤਾਰਪੁਰਾ ਬਸਤੀ ਸੰਗਰੂਰ ਲੜਾਈ ਝਗੜਾ, ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਨ੍ਹਾਂ ਪਾਸ ਨਾਜਾਇਜ਼ ਅਸਲਾ ਅਤੇ ਮਾਰੂ ਹਥਿਆਰ ਹਨ। ਪੁਲੀਸ ਵਲੋਂ ਥਾਣਾ ਲੌਂਗੋਵਾਲ ਵਿਖੇ ਕੇਸ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਤਫਤੀਸ਼ ਦੌਰਾਨ ਪੁਲ ਡਰੇਨ ਦੀ ਪਟੜੀ ਬਾਹੱਦ ਪਿੰਡ ਬਡਰੁੱਖਾਂ ਬੇਅਬਾਦ ਜਗਾਹ ਉਪਰ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਕੋਲੋਂ ਅਸਲਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਰਿਕਾਰਡ ਚੈਕ ਕਰਨ ਤੇ ਪਤਾ ਲੱਗਿਆ ਕਿ ਕੁਲਜੀਤ ਸਿੰਘ ਉਰਫ਼ ਟੁੱਲੂ, ਮਨਜਿੰਦਰ ਸਿੰਘ ਉਰਫ਼ ਮਨੀ, ਹਰਪ੍ਰੀਤ ਸਿੰਘ ਉਰਫ਼ ਅਨਮੋਲ ਅਤਮੇ ਸ਼ਹਿਲ ਉਰਫ਼ ਨੇਪਾਲੀ, ਕਤਲ ਅਤੇ ਇਰਾਦਾ ਕਤਲ ਦੇ ਸੰਗੀਨ ਜੁਰਮਾਂ ਤਹਿਤ ਜ਼ਿਲ੍ਹਾ ਸੰਗਰੂਰ, ਮਾਨਸਾ, ਪਟਿਆਲਾ ਅਤੇ ਬਰਨਾਲਾ ਵਿਖੇ ਲੋੜੀਂਦੇ ਹਨ। ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
